ਪਟਨਾ: ਬਿਹਾਰ ਵਿਧਾਨ ਸਭਾ ਲਈ ਨਵੇਂ ਚੁਣੇ ਗਏ ਵਿਧਾਇਕਾਂ ਵਿੱਚੋਂ 68 ਫ਼ੀਸਦੀ ਅਜਿਹੇ ਆਗੂ ਹਨ, ਜਿਨ੍ਹਾਂ ਵਿਰੁੱਧ ਅਪਰਾਧਕ ਮੁਕੱਦਮੇ ਚੱਲ ਰਹੇ ਹਨ। ਉਨ੍ਹਾਂ ਵਿੱਚੋਂ ਅੱਧਿਆਂ ਤੋਂ ਵੱਧ ਖ਼ਿਲਾਫ਼ ਤਾਂ ਕਤਲ, ਕਤਲ ਦੀ ਕੋਸ਼ਿਸ਼ ਤੇ ਅਗ਼ਵਾ ਜਿਹੇ ਸੰਗੀਨ ਮਾਮਲੇ ਵੀ ਦਰਜ ਹਨ।



ਸੱਚਮੁਚ ਨਵੇਂ ਬਿਹਾਰੀ ਵਿਧਾਇਕਾਂ ਦੇ ਇਹ ਅੰਕੜੇ ਕੁਝ ਡਰਾਉਣੇ ਹਨ। ਅਪਰਾਧਕ ਅਕਸ ਵਾਲੇ ਇਨ੍ਹਾਂ ਵਿਧਾਇਕਾਂ ਦੀ ਗਿਣਤੀ ਪਿਛਲੀ ਵਿਧਾਨ ਸਭਾ ਦੇ ਮੁਕਾਬਲੇ 10 ਫ਼ੀਸਦੀ ਜ਼ਿਆਦਾ ਹੈ। ਇਸ ਦੇ ਨਾਲ ਹੀ ਸਾਲ 2015 ’ਚ ਅਮੀਰ ਵਿਧਾਇਕਾਂ ਦੀ ਗਿਣਤੀ 123 ਸੀ ਤੇ ਇਸ ਵਾਰ ਇਹ ਵੀ ਵਧ ਕੇ 194 ਹੋ ਗਈ ਹੈ।



243 ਵਿਧਾਇਕਾਂ ਵੱਲੋਂ ਚੋਣ ਕਮਿਸ਼ਨ ਸਾਹਵੇਂ ਦਾਖ਼ਲ ਕੀਤੇ ਆਪਣੇ ਹਲਫ਼ੀਆ ਬਿਆਨਾਂ ਦੇ ਆਧਾਰ ਉੱਤੇ ਐਸੋਸੀਏਸ਼ਨ ਫ਼ਾਰ ਡੈਮੋਕ੍ਰੈਟਿਕ ਰਿਫ਼ਾਰਮਜ਼ (ADR) ਨੇ ਇਹ ਅੰਕੜੇ ਜਾਰੀ ਕੀਤੇ ਹਨ; ਜਦਕਿ ਭਾਜਪਾ ਦੇ ਇੱਕ ਅਤੇ ਰਾਸ਼ਟਰੀ ਜਨਤਾ ਦਲ ਦੇ ਇੱਕ ਵਿਧਾਇਕ ਵੱਲੋਂ ਦਾਇਰ ਹਲਫ਼ੀਆ ਬਿਆਨ ਸਪੱਸ਼ਟ ਨਾ ਹੋਣ ਕਾਰਣ ਉਨ੍ਹਾਂ ਦੇ ਅੰਕੜੇ ਨਹੀਂ ਮਿਲ ਸਕੇ।



ਅੰਕੜਿਆਂ ਮੁਤਾਬਕ ਜਿੱਤੇ 241 ਵਿਧਾਇਕਾਂ ਵਿੱਚੋਂ 163 ਵਿਰੁੱਧ ਅਪਰਾਧਕ ਮਾਮਲੇ ਚੱਲ ਰਹੇ ਹਨ। ਪਿਛਲੀ ਵਿਧਾਨ ਸਭਾ ’ਚ ਦਾਗ਼ੀ ਵਿਧਾਇਕਾਂ ਦੀ ਗਿਣਤੀ 142 ਸੀ। ਇਸ ਵਾਰ ਚੁਣੇ ਗਏ 19 ਵਿਧਾਇਕ ਅਜਿਹੇ ਹਨ, ਜਿਨ੍ਹਾਂ ਵਿਰੁੱਧ ਕਤਲ, 31 ਵਿਧਾਇਕਾਂ ਵਿਰੁੱਧ ਕਤਲ ਦੀ ਕੋਸ਼ਿਸ਼ ਤੇ 8 ਦੇ ਵਿਰੁੱਧ ਔਰਤਾਂ ਖ਼ਿਲਾਫ਼ ਅਪਰਾਧ ਦੇ ਕੇਸ ਦਰਜ ਹਨ।



ਰਾਸ਼ਟਰੀ ਜਨਤਾ ਦਲ ਦੇ 74 ਵਿਧਾਇਕਾਂ ਵਿੱਚੋਂ ਸਭ ਤੋਂ ਵੱਧ 73 ਫ਼ੀਸਦੀ ਭਾਵ 44 ਵਿਰੁੱਧ ਅਪਰਾਧਕ ਮਾਮਲੇ ਦਰਜ ਹਨ। ਭਾਜਪਾ ਦੇ 73 ਵਿਧਾਇਕਾਂ ਵਿੱਚੋਂ 64 ਫ਼ੀਸਦੀ ਭਾਵ 47 ਵਿਰੁੱਧ ਅਜਿਹੇ ਮਾਮਲੇ ਦਰਜ ਹਨ। ਜੇਡੀਯੂ ਦੇ ਅਜਿਹੇ ਵਿਧਾਇਕਾਂ ਦੀ ਗਿਣਤੀ 20 ਤੇ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ 10 ਹੈ।