ਭਾਰਤ ’ਚ ਮੁਸਲਮਾਨਾਂ ਤੋਂ ਜ਼ਿਆਦਾ ਗਾਂ ਸੁਰੱਖਿਅਤ !
ਏਬੀਪੀ ਸਾਂਝਾ | 23 Jul 2018 12:55 PM (IST)
ਨਵੀਂ ਦਿੱਲੀ: ਕਾਂਗਰਸ ਲੀਡਰ ਸ਼ਸ਼ੀ ਥਰੂਰ ਆਪਣੇ ਵਿਵਾਦਤ ਬਿਆਨਾਂ ਕਰਕੇ ਹਸੇਸ਼ਾ ਸੁਰਖੀਆਂ ਵਿੱਚ ਰਹਿੰਦੇ ਹਨ। ਇਸ ਵਾਰੀ ਉਨ੍ਹਾਂ ਕਿਹਾ ਹੈ ਕਿ ਭਾਰਤ ਵਿੱਚ ਕਈ ਥਾਵਾਂ ’ਤੇ ਮੁਸਲਮਾਨਾਂ ਦੀ ਤੁਲਨਾ ਵਿੱਚ ਗਾਂ ਜ਼ਿਆਦਾ ਸੁਰੱਖਿਅਤ ਹੈ। ਥਰੂਰ ਦੀ ਇਹ ਟਿੱਪਣੀ ਉਨ੍ਹਾਂ ਦੇ ‘ਹਿੰਦੂ ਪਾਕਿਸਤਾਨ’ ਵਾਲੇ ਬਿਆਨ ਤੋਂ ਬਾਅਦ ਸਾਹਮਣੇ ਆਈ ਹੈ ਜਿਸ ਦੀ ਸਿਆਸੀ ਵਿਰੋਧੀਆਂ ਨੇ ਕਾਫ਼ੀ ਆਲੋਚਨਾ ਕੀਤੀ ਸੀ। ਥਰੂਰ ਨੇ ਟਵਿੱਟਰ ’ਤੇ ਲਿਖਿਆ ਕਿ ਬੀਜੇਪੀ ਦੇ ਮੰਤਰੀਆਂ ਦਾ ਸੰਪਰਦਾਇਕ ਹਿੰਸਾ ਵਿੱਚ ਕਮੀ ਬਾਰੇ ਦਾਅਵਾ ਤੱਥਾਂ ’ਤੇ ਖਰਾ ਕਿਉਂ ਨਹੀਂ ਉੱਤਰਦਾ। ਅਜਿਹਾ ਜਾਪਦਾ ਹੈ ਕਿ ਕਈ ਥਾਵਾਂ ’ਤੇ ਮੁਲਸਮਾਨ ਦੀ ਤੁਲਨਾ ਵਿੱਚ ਗਾਂ ਸੁਰੱਖਿਅਤ ਹੈ। ਉਨ੍ਹਾਂ ਇੱਕ ਸਮਾਚਾਰ ਪੋਰਟਲ ’ਤੇ ਛਪੇ ਆਪਣੇ ਆਰਟੀਕਲ ਦਾ ਲਿੰਕ ਵੀ ਦਿੱਤਾ ਹੈ ਜਿਸ ਵਿੱਚ ‘ਗਾਂ-ਮੁਸਲਮਾਨ’ ਬਾਰੇ ਟਿੱਪਣੀ ਕੀਤੀ ਗਈ ਸੀ। ਉਨ੍ਹਾਂ ਦੀ ਟਿੱਪਣੀ ਗਾਂ ਤਸਕਰੀ ਕਰਨ ਦੇ ਸ਼ੱਕ ਵਿੱਚ ਰਾਜਸਥਾਨ ਦੇ ਅਲਵਰ ਵਿੱਚ ਭੀੜ ਵੱਲੋਂ 28 ਸਾਲ ਦੇ ਅਕਬਰ ਖਾਨ ਦੇ ਕੁੱਟ-ਕੁੱਟ ਕੇ ਕੀਤੇ ਕਤਲ ਦੇ ਕੁਝ ਦਿਨਾਂ ਬਾਅਦ ਆਈ ਹੈ।