ਮੁੰਬਈ: ਰੀਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ (Arnab Goswami) ਦੀਆਂ ਕਥਿਤ ਵ੍ਹਟਸਐਪ ਚੈਟਸ ਵਾਇਰਲ ਹੋਣ ਤੋਂ ਬਾਅਦ ਸਿਆਸਤ ਭਖਦੀ ਜਾ ਰਹੀ ਹੈ। ਹੁਣ ਸ਼ਿਵ ਸੈਨਾ ਨੇ ਆਪਣੇ ਬੁਲਾਰੇ ਅਖ਼ਬਾਰ ‘ਸਾਮਨਾ’ ਰਾਹੀਂ ਭਾਜਪਾ ਉੱਤੇ ਨਿਸ਼ਾਨਾ ਵਿੰਨ੍ਹਿਆ ਹੈ। ਸ਼ਿਵ ਸੈਨਾ ਨੇ ਪੁਲਵਾਮਾ ਹਮਲੇ (Pulwama Attack) ਦੌਰਾਨ 40 ਜਵਾਨਾਂ ਦੀ ਸ਼ਹਾਦਤ ਨੂੰ ਲੈ ਕੇ ਭਾਜਪਾ ਉੱਤੇ ਵੱਡਾ ਦੋਸ਼ ਲਾਇਆ ਹੈ।


ਸ਼ਿਵ ਸੈਨਾ ਨੇ ਲਿਖਿਆ ਹੈ ਕਿ ਪੁਲਵਾਮਾ ’ਚ ਸਾਡੇ 40 ਫ਼ੌਜੀ ਜਵਾਨਾਂ ਦੇ ਕਤਲ ਦੀ ਸਾਜ਼ਿਸ਼ ਦੇਸ਼ ਅੰਦਰ ਰਚੀ ਗਈ ਇੱਕ ਸਿਆਸੀ ਸਾਜ਼ਿਸ਼ ਸੀ। ਲੋਕ ਸਭਾ ਚੋਣਾਂ ਜਿੱਤਣ ਲਈ 40 ਜਵਾਨਾਂ ਦਾ ਖ਼ੂਨ ਵਹਾਇਆ ਗਿਆ। ‘ਸਾਮਨਾ’ ’ਚ ਕਿਹਾ ਗਿਆ ਹੈ ਕਿ ਪਹਿਲਾਂ ਵੀ ਅਜਿਹੇ ਦੋਸ਼ ਲੱਗਦੇ ਰਹੇ ਹਨ ਪਰ ਹੁਣ ਵ੍ਹਟਸਐਪ ਚੈਟਸ ਰਾਹੀਂ ਹੋਏ ਖ਼ੁਲਾਸੇ ’ਚ ਇਸ ਦੋਸ਼ ਨੂੰ ਹੋਰ ਬਲ ਮਿਲਿਆ ਹੈ।

‘ਸਾਮਨਾ’ ਨੇ ਵਿਅੰਗਾਤਮਕ ਲਹਿਜੇ ’ਚ ਲਿਖਿਆ ਹੈ ਕਿ ਇਹ ਸਭ ਵੇਖ ਕੇ ਭਗਵਾਨ ਸ਼੍ਰੀਰਾਮ ਵੀ ਉਦਾਸ ਹੋਣਗੇ ਤੇ ਉਹੀ ਭਾਜਪਾ ਇਸ ਉੱਤੇ ‘ਤਾਂਡਵ’ ਤਾਂ ਛੱਡੋ ‘ਭੰਗੜਾ’ ਵੀ ਨਹੀਂ ਕਰ ਰਹੀ। ਸ਼ਿਵ ਸੈਨਾ ਨੇ ਅੱਗੇ ਲਿਖਿਆ ਕਿ ਭਾਜਪਾ ਇਸ ਗੱਲ ਉੱਤੇ ਤਾਂਡਵ ਕਿਉਂ ਨਹੀਂ ਕਰਦੀ ਕਿ ਉਸ ਨੇ ਰਾਸ਼ਟਰੀ ਸੁਰੱਖਿਆ ਨਾਲ ਜੁੜੀਆਂ ਗੁਪਤ ਗੱਲਾਂ ਜੱਗ-ਜ਼ਾਹਿਰ ਕਿਵੇਂ ਕੀਤੀਆਂ।

ਭਾਜਪਾ ਨੂੰ ਸਵਾਲ ਕਰਦਿਆਂ ‘ਸਾਮਨਾ’ ਨੇ ਅੱਗੇ ਲਿਖਿਆ ਹੈ ਕਿ ਚੀਨ ਨੇ ਲੱਦਾਖ ’ਚ ਘੁਸ ਕੇ ਹਿੰਦੁਸਤਾਨੀ ਜ਼ਮੀਨ ਉੱਤੇ ਕਬਜ਼ਾ ਕਰ ਲਿਆ। ਚੀਨ ਪਿੱਛੇ ਹਟਣ ਨੂੰ ਤਿਆਰ ਨਹੀਂ। ਉਸ ਉੱਤੇ ਭਾਜਪਾ ਦਾ ‘ਤਾਂਡਵ’ ਕਿਉਂ ਨਹੀਂ ਹੁੰਦਾ? ਦੱਸ ਦੇਈਏ ਕਿ ਭਾਜਪਾ ਨੇ ਇਸ ਵੇਲੇ ਵੈੱਬ ਸੀਰੀਜ਼ ‘ਤਾਂਡਵ’ ਨੂੰ ਲੈ ਕੇ ਵੀ ਹੰਗਾਮਾ ਖੜ੍ਹਾ ਕੀਤਾ ਹੈ।