ਹਿਰਾਸਤ ਵਿੱਚ ਲਏ ਜਾਣ ਤੋਂ ਪਹਿਲਾਂ ਪੀਲੀਭੀਤ ਵਿੱਚ ਸਿਰਸਾ ਤੇ ਸਾਥੀ ਮੈਂਬਰਾਂ ਦੀ ਪੁਲਿਸ ਅਧਿਕਾਰੀਆਂ ਨਾਲ ਬਹਿਸ ਵੀ ਹੋਈ। ਸਿਰਸਾ ਨੇ ਪੁਲਿਸ ਅਧਿਕਾਰੀ ਤੋਂ ਸਵਾਲ ਪੁੱਛਿਆ ਉਨ੍ਹਾਂ ਨੂੰ ਕਿਸ ਦੇ ਇਸ਼ਾਰੇ ’ਤੇ ਤੇ ਕਿਹੜੀਆਂ ਧਾਰਾਵਾਂ ਤਹਿਤ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ। ਹਾਲਾਂਕਿ ਅਧਿਕਾਰੀਆਂ ਨੇ ਕੁਝ ਵੀ ਕਹਿਣ ਤੋਂ ਨਾਂਹ ਕਰ ਦਿੱਤੀ।
ਇਸ ਦੌਰਾਨ ਦਿੱਲੀ ਕਮੇਟੀ ਦੇ ਹੋਰਨਾਂ ਮੈਂਬਰਾਂ ਨੇ ਵੀ ਸਿਰਸਾ ਦੇ ਨਾਲ ਜਾਣ ਦੀ ਜ਼ਿੱਦ ਕੀਤੀ। ਉਨ੍ਹਾਂ ਪੁਲਿਸ ਦੀ ਗੱਡੀ ਦੇ ਪਿੱਛੇ ਹੀ ਆਪਣੀਆਂ ਗੱਡੀਆਂ ਲਾ ਲਈਆਂ। ਸਿਰਸਾ ਤੇ ਹੋਰਨਾਂ ਨੂੰ ਹਿਰਾਸਤ ਵਿੱਚ ਲੈਣ ਦਾ ਪਤਾ ਲੱਗਦੇ ਹੀ ਸਥਾਨਕ ਸਿੱਖ ਆਗੂ ਵੀ ਥਾਣੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਕਿ ਇਹ ਪੁਲਿਸ ਦੀ ਧੱਕੇਸ਼ਾਹੀ ਹੈ ਤੇ ਯੂਪੀ ਪੁਲਿਸ ਪੰਜਾਬੀ ਕਿਸਾਨਾਂ ਨੂੰ ਕਿਸਾਨ ਅੰਦੋਲਨ ’ਚ ਸ਼ਾਮਲ ਨਾ ਹੋਣ ਤੋਂ ਰੋਕ ਰਹੀ ਹੈ।