ਮੁੰਬਈ: ਮਹਾਰਾਸ਼ਟਰ ਵਿੱਚ ਸਰਕਾਰ ਬਣਨ ਨੂੰ ਲੈ ਕੇ ਚੱਲ ਰਹੇ ਰੇੜ੍ਹਕੇ ਦੇ ਚੱਲਦਿਆਂ ਸ਼ਿਵ ਸੈਨਾ ਨੇ ਕਿਹਾ ਹੈ ਕਿ ਉਹੀ ਸੂਬੇ ਵਿੱਚ ਆਪਣਾ ਮੁੱਖ ਮੰਤਰੀ ਬਣਾਏਗੀ ਤੇ ਸਰਕਾਰ ਲਈ ਜ਼ਰੂਰੀ ਬਹੁਮਤ ਵੀ ਇਕੱਠਾ ਕਰੇਗੀ। ਸ਼ਿਵ ਸੈਨਾ ਦੇ ਇਸ ਬਿਆਨ ਨੇ ਸਿਆਸੀ ਗਲਿਆਰੇ ਵਿਚ ਵੀ ਹਲਚਲ ਪੈਦਾ ਕਰ ਦਿੱਤੀ ਹੈ ਕਿਉਂਕਿ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਬੀਤੀ ਸ਼ਾਮ ਐਨਸੀਪੀ ਪ੍ਰਧਾਨ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ ਸੀ। ਸ਼ਿਵ ਸੈਨਾ ਚਾਹੁੰਦੀ ਹੈ ਕਿ ਬੀਜੇਪੀ ਢਾਈ ਸਾਲਾਂ ਲਈ ਮੁੱਖ ਮੰਤਰੀ ਦਾ ਅਹੁਦਾ ਦੇਵੇ, ਜੋ ਕਿ ਬੀਜੇਪੀ ਨੂੰ ਮਨਜ਼ੂਰ ਨਹੀਂ ਹੈ।


ਮਹਾਰਾਸ਼ਟਰ ਵਿੱਚ ਨਵੀਂ ਸਰਕਾਰ ਬਣਨ ਨੂੰ ਲੈ ਕੇ ਚੱਲ ਰਿਹਾ ਰੇੜ੍ਹਕਾ ਹੋਰ ਗੁੰਝਲਦਾਰ ਹੋ ਗਿਆ ਹੈ। ਸ਼ਿਵ ਸੈਨਾ ਲੀਡ ਸੰਜੇ ਰਾਉਤ ਨੇ ਸ਼ੁੱਕਰਵਾਰ ਸਵੇਰੇ ਆਪਣੇ ਘਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਵਿੱਚ ਸ਼ਿਵ ਸੈਨਾ ਹੀ ਆਪਣਾ ਮੁੱਖ ਮੰਤਰੀ ਬਣਾਏਗੀ। ਸ਼ਿਵ ਸੈਨਾ ਸਰਕਾਰ ਬਣਾਉਣ ਲਈ ਬਹੁਮਤ ਇਕੱਠੀ ਕਰੇਗੀ। ਇਸ ਤੋਂ ਪਹਿਲਾਂ ਰਾਉਤ ਨੇ ਇੱਕ ਟਵੀਟ ਰਾਹੀਂ ਬੀਜੇਪੀ ‘ਤੇ ਹੰਕਾਰੀ ਹੋਣ ਦਾ ਇਲਜ਼ਾਮ ਲਾਇਆ ਸੀ।


ਰਾਉਤ ਦੇ ਇਸ ਬਿਆਨ ਨੇ ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਸਨਸਨੀ ਪੈਦਾ ਕਰ ਦਿੱਤੀ ਹੈ। ਉਸ ਨੇ ਇਸ ਗੱਲ ਨੂੰ ਹਵਾ ਦਿੱਤੀ ਹੈ ਕਿ ਸ਼ਿਵ ਸੈਨਾ ਐਨਸੀਪੀ ਤੇ ਕਾਂਗਰਸ ਵਰਗੀਆਂ ਵਿਰੋਧੀ ਵਿਚਾਰਧਾਰਾ ਵਾਲੀਆਂ ਪਾਰਟੀਆਂ ਨਾਲ ਮਿਲ ਕੇ ਸਰਕਾਰ ਬਣਾਏਗੀ।


ਰਾਉਤ ਦਾ ਇਹ ਬਿਆਨ ਇਸ ਲਈ ਮਹੱਤਵਪੂਰਣ ਹੈ ਕਿਉਂਕਿ ਕੱਲ੍ਹ ਸ਼ਾਮ ਰਾਊਤ ਐਨਸੀਪੀ ਪ੍ਰਧਾਨ ਸ਼ਰਦ ਪਵਾਰ ਨਾਲ ਮੁਲਾਕਾਤ ਕਰਕੇ ਆਏ ਹਨ, ਹਾਲਾਂਕਿ ਉਨ੍ਹਾਂ ਨੇ ਕਿਹਾ ਸੀ ਕਿ ਇਹ ਮੁਲਾਕਾਤ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਸੀ। 24 ਅਕਤੂਬਰ ਨੂੰ ਚੋਣ ਨਤੀਜੇ ਆਉਣ ਤੋਂ ਬਾਅਦ ਰਾਉਤ ਦੀ ਪਵਾਰ ਨਾਲ ਇਹ ਦੂਜੀ ਮੁਲਾਕਾਤ ਸੀ। ਅੰਕੜਿਆਂ 'ਤੇ ਨਜਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਐਨਸੀਪੀ ਤੇ ਕਾਂਗਰਸ ਦੀ ਮਦਦ ਨਾਲ ਸ਼ਿਵਸੈਨਾ ਦੀ ਸਰਕਾਰ ਬਣ ਸਕਦੀ ਹੈ।