ਨਵੀਂ ਦਿੱਲੀ: ਰਾਜਧਾਨੀ 'ਤੇ ਫੈਲ ਰਹੀ ਜ਼ਹਿਰੀਲੀ ਧੁੰਦ ਦੀ ਚਾਦਰ ਸ਼ੁੱਕਰਵਾਰ ਸਵੇਰੇ ਹੋਰ ਗਹਿਰੀ ਹੋ ਗਈ। ਇਸ ਤੋਂ ਬਾਅਦ EPCA ਨੇ ਦਿੱਲੀ ਵਿੱਚ ਹੈਲਥ ਐਮਰਜੈਂਸੀ ਦਾ ਐਲਾਨ ਕੀਤਾ ਹੈ। ਇਸ ਦੇ ਮੱਦੇਨਜ਼ਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 5 ਨਵੰਬਰ ਤੱਕ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਦਿੱਲੀ ਵਿੱਚ 5 ਨਵੰਬਰ ਤਕ ਨਿਰਮਾਣ ਕਾਰਜਾਂ 'ਤੇ ਵੀ ਪਾਬੰਧੀ ਲਾਈ ਗਈ ਹੈ।


ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਰਾਲੀ ਦੇ ਵੱਧ ਰਹੇ ਧੂੰਏਂ ਕਾਰਨ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਬਹੁਤ ਵੱਧ ਗਿਆ ਹੈ। ਇਸ ਲਈ, ਸਰਕਾਰ ਨੇ ਫੈਸਲਾ ਕੀਤਾ ਹੈ ਕਿ 5 ਨਵੰਬਰ ਤੱਕ ਦਿੱਲੀ ਦੇ ਸਾਰੇ ਸਕੂਲ ਬੰਦ ਰਹਿਣਗੇ। ਪ੍ਰਦੂਸ਼ਣ ਕਾਰਨ ਦੱਖਣੀ ਦਿੱਲੀ ਦੇ ਐਮਸੀਡੀ ਸਕੂਲ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸਕੂਲ ਸੋਮਵਾਰ ਤੱਕ ਬੰਦ ਰਹਿਣਗੇ। ਦਿੱਲੀ ਵਿੱਚ ਏਅਰ ਕੁਆਲਟੀ ਇੰਡੈਕਸ (ਏਕਿਊਆਈ) 459 'ਤੇ ਪਹੁੰਚ ਗਿਆ ਹੈ।




ਉੱਧਰ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਪ੍ਰਦੂਸ਼ਣ ਦੇ ਮੁੱਦੇ ‘ਤੇ ਸਿਆਸਤ ਕਰ ਰਹੇ ਹਨ। ਉਹ ਦੋਸ਼ ਮੜ੍ਹਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਸਾਫ ਸ਼ਬਦਾਂ ਵਿੱਚ ਕਿਹਾ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਅਤੇ ਹਰਿਆਣਾ ਨੂੰ ਜ਼ਿੰਮੇਵਾਰ ਠਹਿਰਾਉਣਾ ਸਹੀ ਨਹੀਂ ਹੈ।