ਨਵੀਂ ਦਿੱਲੀ: ਰੇਲਵੇ ਨੇ 14 ਨਵੰਬਰ ਤੋਂ ਇੱਕ ਸਪੈਸ਼ਲ ਟ੍ਰੇਨ ਚਲਾਉਣ ਦਾ ਫੈਸਲਾ ਲਿਆ ਹੈ। ਇਹ ਰੇਲਗੱਡੀ ‘ਸ੍ਰੀ ਰਾਮਾਇਣ ਐਕਸਪ੍ਰੈਸ’ ਦੇ ਨਾਂ ਨਾਲ ਚੱਲੇਗੀ ਜੋ ਸੈਰ ਸਪਾਟੇ ਲਈ ਸ਼ੁਰੂ ਹੋ ਰਹੀ ਹੈ। ਸ੍ਰੀ ਰਾਮਾਇਣ ਟ੍ਰੇਨ ਭਾਰਤ ਅਤੇ ਸ੍ਰੀਲੰਕਾ ‘ਚ 16 ਦਿਨਾਂ ਦੇ ਦੌਰੇ ਦੇ ਪੈਕੇਜ ‘ਚ ਭਗਵਾਨ ਰਾਮ ਦੀ ਜ਼ਿੰਦਗੀ ਨਾਲ ਜੁੜੇ ਚਾਰ ਮਹੱਤਪੂਰਣ ਥਾਂਵਾਂ ਨੂੰ ਕਵਰ ਕਰੇਗੀ।


ਦਿੱਲੀ ਤੋਂ ਨਿਕਲਣ ਤੋਂ ਬਾਅਦ, ਟ੍ਰੇਨ ਦਾ ਅਯੋਧਿਆ ‘ਚ ਪਹਿਲਾ ਪੜਾਅ ਹੋਵੇਗਾ ਅਤੇ ਇਸ ਤੋਂ ਬਾਅਦ ਟ੍ਰੇਨ ਹਨੁਮਾਨ ਗਢੀ, ਰਾਮਕੋਟ ਅਤੇ ਕਨਕ ਭਵਨ ਮੰਦਰ ਵੀ ਜਾਵੇਗੀ। ਸ਼੍ਰੀ ਰਾਮਾਇਣ ਟ੍ਰੇਨ ਨੰਦੀਗ੍ਰਾਮ, ਸੀਤਾਮਢੀ, ਜਨਕਪੁਰ, ਵਾਰਾਣਸੀ, ਪ੍ਰਯਾਗ, ਸ਼੍ਰਿੰਗਪੁਰ, ਚਿਤਰਕੁਟ, ਨਾਸੀਕ, ਹੰਪੀ ਅਤੇ ਰਾਮੇਸ਼ਵਰ ਨੂੰ ਵੀ ਕਵਰ ਕਰੇਗੀ।



ਦਿੱਲੀ ਤੋਂ ਟ੍ਰੇਨ ਸਫਦਰਜੰਗ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋਵੇਗੀ ਅਤੇ ਆਪਣਾ ਸਫਰ ਪੂਰਾ ਕਰਦੀ ਹੋਈ ਤਮਿਲਨਾਡੁ ਦੇ ਰਾਮੇਸ਼ਵਰ ਨੂੰ 16 ਦਿਨਾਂ ‘ਚ ਪੂਰੀ ਕਰੇਗੀ। ਇਸ ‘ਚ 800 ਯਾਤਰੀ ਸਫਰ ਕਰ ਸਕਦੇ ਹਨ। ਇੱਕ ਵਿਅਕਤੀ ਦਾ ਕਿਰਾਇਆ 15,120 ਰੁਪਏ ਹੋਵੇਗਾ।

ਸ੍ਰੀਲੰਕਾ ਜਾਣ ਵਾਲੇ ਯਾਤਰੀ ਚੇਨੱਈ ਤੋਂ ਫਲਾਈਟ ਲੈ ਸਕਦੇ ਹਨ। ਸ੍ਰੀਲੰਕਾ ਦੌਰੇ ਲਈ ਵੱਖਰਾ ਕਿਰਾਇਆ ਲਿਆ ਜਾਵੇਗਾ। 5 ਰਾਤ ਅਤੇ 6 ਦਿਨ ਦੇ ਸ਼੍ਰੀਲੰਕਾ ਦੌਰੇ ਦੇ ਪੈਕੇਜ ਦੀ ਕੀਮਤ 36,970 ਰੁਪਏ ਹੋਵੇਗੀ। ਇਸ 16 ਦਿਨਾਂ ਦੇ ਪੈਕੇਜ ‘ਚ ਖਾਣਾ, ਧਰਮਸ਼ਾਲਾ ‘ਚ ਰਹਿਣ ਦਾ ਇੰਤਜ਼ਾਮ ਕੀਤਾ ਜਾਵੇਗਾ। ਇਸ ਸਫਰ ਦਾ ਮਜ਼ਾ ਲੈਣ ਲਈ IRCTC ਦੀ ਵੈਬਸਾਈਟ ਤੋਂ ਟਿਕਟ ਬੁੱਕ ਕੀਤੀ ਜਾ ਸਕਦੀ ਹੈ।