ਪਟਨਾ: ਅੱਜਕਲ੍ਹ ਜਿੱਥੇ ਬਗੈਰ ਸਵਾਰਥ ਦੇ ਕੋਈ ਕਿਸੇ ਨੂੰ ਪਾਣੀ ਵੀ ਨਹੀਂ ਪੁੱਛਦਾ, ਉੱਥੇ ਪਟਨਾ ਦੇ ਸਿੱਖ ਨੌਜਵਾਨਾਂ ਦੀ ਇੱਕ ਟੋਲੀ ਹਰ ਦਿਨ ਬਿਹਾਰ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਪੀਐਮਸੀਐਚ ਵਿੱਚ ਮਰੀਜ਼ਾਂ ਨੂੰ ਸਵੇਰ ਦਾ ਖਾਣਾ ਮੁਹੱਈਆ ਕਰਵਾ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਨੌਜਵਾਨਾਂ ਵਿੱਚ ਕੁਝ ਕਾਰੋਬਾਰੀ ਹਨ ਤੇ ਕੁਝ ਵਿਦਿਆਰਥੀ ਹਨ। ਇਹ ਆਪਣੀ ਜੇਬ ਖ਼ਰਚੀ ਵਿੱਚੋਂ ਦਸਵੰਦ ਕੱਢ ਕੇ ਮਰੀਜ਼ਾ ਲਈ ਅਨੋਖਾ ਲੰਗਰ ਲਾ ਰਹੇ ਹਨ।

ਦੱਸਿਆ ਜਾਂਦਾ ਹੈ ਕਿ ਹਸਪਤਾਲ ਵਿੱਚ ਸਵੇਰੇ 8 ਵਜੇ ਹੀ ਮਰੀਜ਼ਾਂ ਦੇ ਵਾਰਸਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ। ਨੌਜਵਾਨ ਵੈਨ ਵਿੱਚ ਆਉਂਦੇ ਹਨ ਤੇ ਕਤਾਰਾਂ ਵਿੱਚ ਖੜ੍ਹੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਲਈ ਚਾਹ ਬਿਸਕੁੱਟਾਂ ਦਾ ਲੰਗਰ ਲਾਉਂਦੇ ਹਨ। ਰੋਜ਼ਾਨਾ 20 ਲੀਟਰ ਚਾਹ ਤੇ 2 ਹਜ਼ਾਰ ਰੁਪਏ ਦੇ ਬਿਸਕੁਟਾਂ ਦਾ ਲੰਗਰ ਲਾਇਆ ਜਾਂਦਾ ਹੈ।

ਨੌਵਜਾਨਾਂ ਦੇ ਸਮਰਥਨ ਲਈ ਹੁਣ ਬਜ਼ੁਰਗ ਤੇ ਮਹਿਲਾਵਾਂ ਵੀ ਉਨ੍ਹਾਂ ਨਾਲ ਆਉਣ ਲੱਗ ਪਈਆਂ ਹਨ। ਨੌਜਵਾਨ ਆਪਣੀ ਆਮਦਨ ਦਾ ਕੁਝ ਹਿੱਸਾ ਲੰਗਰ ਵਿੱਚ ਖ਼ਰਚ ਕਰਦੇ ਹਨ। ਜੋ ਵਿਦਿਆਰਥੀ ਹਨ, ਉਹ ਆਪਣੀ ਜੇਬ੍ਹ ਖ਼ਰਚੀ ਇਸ ਨੇਕ ਕੰਮ ਲਈ ਦਸਵੰਦ ਵਜੋਂ ਦਿੰਦੇ ਹਨ। ਲੰਗਰ ਵਿੱਚ ਸ਼ਾਮਲ ਹੋਣ ਵਾਲਾ ਕੋਈ ਵੀ ਸ਼ਖ਼ਸ ਨਿਰਾਸ਼ ਹੋ ਕੇ ਨਹੀਂ ਜਾਂਦਾ। ਇੱਥੋਂ ਤਕ ਕਿ ਜਾਨਵਰਾਂ ਨੂੰ ਵੀ ਲੰਗਰ ਛਕਾਇਆ ਜਾਂਦਾ ਹੈ। ਹਸਪਤਾਲ ਦੇ ਮਰੀਜ਼ਾਂ ਦਾ ਕਹਿਣਾ ਹੈ ਕਿ ਇਹ ਅਦਭੁਤ ਸੇਵਾ ਹੈ ਜੋ ਉਨ੍ਹਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ।