ਨਵੀਂ ਦਿੱਲੀ: ਪਾਕਿਸਤਾਨ ਵਿੱਚ ਅਗਵਾ ਕਰਕੇ ਧਰਮ ਪਰਿਵਰਤਨ ਕੀਤੀ ਗਈ ਸਿੱਖ ਲੜਕੀ ਹਾਲੇ ਤਕ ਘਰ ਵਾਪਸ ਨਹੀਂ ਆਈ। ਇਸ ਦੇ ਵਿਰੋਧ ਵਿੱਚ ਸਿੱਖ ਭਾਈਚਾਰੇ ਵੱਲੋਂ ਦਿੱਲੀ ਸਥਿਤ ਪਾਕਿਸਤਾਨੀ ਅੰਬੈਸੀ ਕੋਲ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ ਕਈ ਸਿੱਖ ਸੰਗਠਨਾਂ ਨੇ ਹਿੱਸਾ ਲਿਆ।
ਪ੍ਰਦਰਸ਼ਨ ਕਰ ਰਹੇ ਸਿੱਖਾਂ ਨੇ ਅਗਵਾ ਕੀਤੀ ਲੜਕੀ ਘਰਦਿਆਂ ਨੂੰ ਵਾਪਸ ਸੌਪਣ ਤੇ ਜ਼ਬਰਦਸਤੀ ਉਸ ਦਾ ਧਰਮ ਬਦਲਵਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪ੍ਰਦਰਸ਼ਨ ਦੌਰਾਨ ਪੁਲਿਸ ਦੇ ਸਿੱਖਾਂ ਨੂੰ ਬੈਰੀਕੇਡ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਿੱਖ ਅੱਗੇ ਵਧ ਗਏ। ਹਾਲਾਂਕਿ ਅੰਬੈਸੀ ਤੋਂ ਪਹਿਲਾਂ ਚਾਣਕਿਆਪੁਰੀ ਥਾਣੇ ਕੋਲ ਉਨ੍ਹਾਂ ਨੂੰ ਰੋਕ ਲਿਆ ਗਿਆ।
ਇਸ ਦੌਰਾਨ ਸਿੱਖ ਜਥਬੰਦੀਆਂ ਨੇ ਪਾਕਿਸਤਾਨੀ ਅੰਬੈਸੀ ਵਿੱਚ ਇਮਰਾਨ ਖ਼ਾਨ ਦੇ ਨਾਂ ਇੱਕ ਮੰਗ ਪੱਤਰ ਵੀ ਸੌਂਪਿਆ। ਇਹ ਵੀ ਐਲਾਨ ਕੀਤਾ ਗਿਆ ਕਿ ਜੇ ਜਲਦ ਉਨ੍ਹਾਂ ਦੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਹੋਰ ਤਰੀਕਿਆਂ ਨਾਲ ਪਾਕਿਸਤਾਨ 'ਤੇ ਦਬਾਅ ਪਾਇਆ ਜਾਏਗਾ।