ਹੁਣ ਅਜਿਹਾ ਹੀ ਮਾਮਲਾ ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਵਿੱਚ ਸਾਹਣੇ ਆਇਆ ਹੈ। 12ਵੀਂ ਜਮਾਤ ਦੇ ਸਿੱਖ ਵਿਦਿਆਰਥੀ ਨੂੰ ਪ੍ਰੀਖਿਆ ਕੇਂਦਰ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸੁਰੱਖਿਆ ਦੇ ਲਿਹਾਜ਼ ਨਾਲ ਕਥਿਤ ਤੌਰ ’ਤੇ ਦਸਤਾਰ ਲਾਹੁਣ ਲਈ ਮਜਬੂਰ ਕੀਤਾ ਗਿਆ। ਮਾਮਲਾ ਭਖਣ ਮਗਰੋਂ ਹੁਣ ਸੂਬਾ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ ਤੇ ਜਿਹੜੀ ਅਧਿਆਪਕਾ ਨੇ ਵਿਦਿਆਰਥੀ ਨੂੰ ਦਸਤਾਰ ਲਾਹੁਣ ਲਈ ਕਿਹਾ ਸੀ, ਉਸ ਨੂੰ ਪ੍ਰੀਖਿਆ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ।
ਇਹ ਘਟਨਾ ਸੋਮਵਾਰ ਨੂੰ ਧਮਨੋਡ ਦੇ ਸਰਕਾਰੀ ਕੰਨਿਆ ਸਕੂਲ ਵਿੱਚ ਵਾਪਰੀ, ਜਦੋਂ ਵਿਦਿਆਰਥੀ ਪੇਪਰ ਦੇਣ ਲਈ ਪ੍ਰੀਖਿਆ ਕੇਂਦਰ ਵਿੱਚ ਦਾਖ਼ਲ ਹੋਣ ਲੱਗਿਆ। ਇਸ ਮਗਰੋਂ ਵਿਦਿਆਰਥੀ ਨੇ ਕਿਹਾ ਕਿ ਪ੍ਰੀਖਿਆ ਤੋਂ ਪਹਿਲਾਂ ਚੈਕਿੰਗ ਦੌਰਾਨ ਅਧਿਆਪਕਾ ਨੇ ਉਸ ਨੂੰ ਦਸਤਾਰ ਲਾਹੁਣ ਲਈ ਆਖਿਆ ਸੀ। ਉਸ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ।
ਫੇਰ ਪ੍ਰੀਖਿਆ ਕੇਂਦਰ ਦੇ ਇੰਚਾਰਜ ਨੇ ਨਿਯਮਾਂ ਦੇ ਪਾਲਣ ਦੀ ਗੱਲ ਆਖੀ। ਇਸ ਮਗਰੋਂ ਉਸ ਦੀ ਦਸਤਾਰ ਲਾਹ ਕੇ ਜਾਂਚ ਕੀਤੀ ਗਈ। ਇਸ ਤੋਂ ਬਾਅਦ ਉਸ ਨੂੰ ਪ੍ਰੀਖਿਆ ਕੇਂਦਰ ਵਿੱਚ ਜਾਣ ਦੀ ਇਜਾਜ਼ਤ ਮਿਲੀ। ਇਸ ਸਬੰਧੀ ਡਿਪਟੀ ਕਮਿਸ਼ਨਰ ਬ੍ਰਿਜੇਸ਼ ਪਾਂਡੇ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।