ਚੰਡੀਗੜ੍ਹ: ਸ਼ਾਹਕੋਟ ਜ਼ਿਮਨੀ ਚੋਣ ਲਈ ਆਪਣੇ ਉਮੀਦਵਾਰ ਦਾ ਐਲਾਨ ਕਰਨ ਆਏ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਆਮ ਆਦਮੀ ਪਾਰਟੀ ਦਾ ਆਪਣਾ ਅਖ਼ਬਾਰ 'ਆਪ ਕੀ ਕ੍ਰਾਂਤੀ' ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਦੀ ਅੱਜ ਦੀ ਬੈਠਕ ਤੋਂ ਬਾਅਦ ਹੋਈ ਪ੍ਰੈਸ ਕਾਨਫਰੰਸ ਦੌਰਾਨ ਕੇਜਰੀਵਾਲ ਦੀ ਮੁਆਫ਼ੀ ਮੰਗਣ ਤੋਂ ਬਾਅਦ ਵੀ ਨਸ਼ਿਆਂ ਵਿਰੁੱਧ ਲੜਾਈ ਜਾਰੀ ਰੱਖਣ ਦਾ ਦਾਅਵਾ ਕੀਤਾ ਗਿਆ। ਨਸ਼ੇ ਤੇ ਕੇਜਰੀਵਾਲ ਦੀ ਮੁਆਫ਼ੀ ਦੇ ਮੁੱਦੇ 'ਤੇ ਤਿੱਖੇ ਸਵਾਲਾਂ ਤੋਂ ਬਚਦਿਆਂ ਪ੍ਰੈਸ ਕਾਨਫਰੰਸ ਛੱਡ ਕੇ ਹੀ ਚਲੇ ਗਏ।   ਪੱਤਰਕਾਰ ਸੰਮੇਲਨ ਦੌਰਾਨ ਜਦ ਮਜੀਠੀਆ ਦਾ ਨਾਂਅ ਲਿਆ ਗਿਆ ਤਾਂ ਮਨੀਸ਼ ਸਿਸੋਦੀਆ ਗੱਲ ਗੋਲ ਮੋਲ ਕਰ ਗਏ। ਉਨ੍ਹਾਂ ਕਿਹਾ ਕਿ ਡਰੱਗ ਅਜੇ ਵੀ ਸਾਡੇ ਲਈ ਮੁੱਦਾ ਹੈ ਤੇ ਅਸੀਂ ਡਰੱਗ ਮਾਫੀਆ ਖ਼ਿਲਾਫ਼ ਵੀ ਲੜਾਂਗੇ। ਉਨ੍ਹਾਂ ਕਿਹਾ ਕਿ ਅਗਲੀ ਚੋਣ ਵਿੱਚ ਵੀ ਨਸ਼ੇ ਨੂੰ ਮੁੱਦਾ ਬਣਾਵਾਂਗੇ। ਸਿਸੋਦੀਆ ਨੇ ਕੇਜਰੀਵਾਲ ਦੀ ਮੁਆਫ਼ੀ ਕਰ ਕੇ ਰੁੱਸੇ ਲੀਡਰਾਂ ਬਾਰੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਅੱਜ ਵੀ ਸਾਡਾ ਪ੍ਰਧਾਨ ਹੈ। ਅਸੀਂ ਅਸਤੀਫ਼ਾ ਮਨਜ਼ੂਰ ਹੀ ਨਹੀਂ ਕੀਤਾ। ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਅੱਜ ਦੀ ਬੈਠਕ ਵਿੱਚੋਂ ਭਗਵੰਤ ਮਾਨ ਹੀ ਗ਼ੈਰ ਹਾਜ਼ਰ ਰਹੇ। ਉਨ੍ਹਾਂ ਦੀ ਗ਼ੈਰ ਮੌਜੂਦਗੀ ਚਰਚਾ ਦਾ ਵਿਸ਼ਾ ਜ਼ਰੂਰ ਬਣੀ ਰਹੀ। ਸਿਸੋਦੀਆ ਨੂੰ ਕਾਫੀ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਖਾਸ ਕਰ ਕੇ ਨਸ਼ੇ ਦੇ ਮੁੱਦੇ 'ਤੇ ਉਨ੍ਹਾਂ ਪਾਰਟੀ ਦਾ ਨਸ਼ਾ ਵਿਰੋਧੀ ਸਟੈਂਡ ਤਾਂ ਸਾਬਤ ਕੀਤਾ ਪਰ ਕੇਜਰੀਵਾਲ ਦੀ ਮੁਆਫ਼ੀ ਕਾਰਨ ਇਸ ਦੇ ਕਮਜ਼ੋਰ ਹੋਣ ਦੀ ਗੱਲ ਤੋਂ ਮੁੱਕਰਦੇ ਰਹੇ। ਉਨ੍ਹਾਂ ਕਿਹਾ ਕਿ ਮਜੀਠੀਆ ਦੇ ਮੁੱਦੇ ਨੂੰ ਕੈਪਟਨ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਤੇ ਸਰਕਾਰ ਨਸ਼ਾ ਤਸਕਰਾਂ ਨੂੰ ਜੇਲ੍ਹ ਭੇਜੇ। ਅਖ਼ੀਰ ਵਿੱਚ ਸਿਸੋਦੀਆ ਡਰੱਗ ਦੇ ਮੁੱਦੇ 'ਤੇ ਹੁੰਦੇ ਸਵਾਲਾਂ ਤੋਂ ਅੱਕ ਕੇ ਪ੍ਰੈਸ ਕਾਨਫਰੰਸ ਛੱਡ ਕੇ ਹੀ ਚਲੇ ਗਏ।