ਬੁਲੰਦਸ਼ਹਿਰ: ਗੋਕਸ਼ੀ ਦੇ ਸ਼ੱਕ ’ਚ ਭੜਕੀ ਹਿੰਸਾ ਦੌਰਾਨ ਮਾਰੇ ਗਏ ਥਾਣੇਦਾਰ ਸੁਬੋਧ ਸਿੰਘ ਦੇ ਕਤਲ ਦੇ ਇਲਜ਼ਾਮ ਵਿੱਚ ਪੁਲਿਸ ਨੇ ਮੰਗਲਵਾਰ ਨੂੰ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਯੋਗੇਸ਼ ਰਾਜ ਬਜਰੰਗ ਦਲ ਦਾ ਲੀਡਰ ਹੈ। ਇਸੇ ਨੇ ਹੀ ਗਊ ਹੱਤਿਆ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਮਾਮਲੇ ’ਚ ਪੁਲਿਸ ਨੇ ਹੁਣ ਤਕ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਚਿੰਗਰਾਵੜੀ ਇਲਾਕੇ ਵਿੱਚ ਸੋਮਵਾਰ ਨੂੰ ਗੋਕਸ਼ੀ ਦੇ ਸ਼ੱਕ ਵਿੱਚ ਹਿੰਸਕ ਪ੍ਰਦਰਸ਼ਨ ਹੋਇਆ ਸੀ। ਇਸੇ ਦੌਰਾਨ ਜਦੋਂ ਪੁਲਿਸ ਬਦਮਾਸ਼ਾਂ ਨੂੰ ਰੋਕਣ ਪੁੱਜੀ ਤਾਂ ਭੀੜ ਨੇ ਪੁਲਿਸ ’ਤੇ ਹਮਲਾ ਕਰ ਦਿੱਤਾ। ਝੜਪ ਵਿੱਚ ਥਾਣੇਦਾਰ ਸੁਬੋਧ ਦੀ ਗੋਲ਼ੀ ਲੱਗਣ ਕਰਕੇ ਮੌਤ ਹੋ ਗਈ ਸੀ। ਗੋਲ਼ੀ ਲੱਗਣ ਬਾਅਦ ਵੀ ਭੀੜ ਥਾਣੇਦਾਰ ਨੂੰ ਕੁੱਟਦੀ ਰਹੀ। ਇਸ ਹਿੰਸਾ ਵਿੱਚ ਥਾਣੇਦਾਰ ਨਾਲ ਇੱਕ ਨੌਜਵਾਨ ਵੀ ਮਾਰਿਆ ਗਿਆ ਸੀ।

ਪੁਲਿਸ ਨੇ ਇਸ ਮਾਮਲੇ ਵਿੱਚ ਦੋ ਐਫਆਈਆਰ ਦਰਜ ਕੀਤੀਆਂ ਸਨ। ਪਹਿਲੀ ਸਲਾਟਰ ਹਾਊਸ ’ਤੇ ਤੇ ਦੂਜੀ ਹਿੰਸਾ ਸਬੰਧੀ ਦਰਜ ਕਰਵਾਈ ਗਈ ਹੈ। ਐਫਆਈਆਰ ਵਿੱਚ 27 ਮੁਲਜ਼ਮ ਨਾਮਜ਼ਦ ਕੀਤੇ ਗਏ ਸਨ। ਇਨ੍ਹਾਂ ਤੋਂ ਇਲਾਵਾ 60 ਅਣਪਛਾਤੇ ਮੁਲਜ਼ਮ ਵੀ ਨਾਮਜ਼ਦ ਹਨ। ਇਨ੍ਹਾਂ ਵਿੱਚੋਂ ਬਜਰੰਗ ਦਲ ਦੇ ਲੀਡਰ ਯੋਗੇਸ਼ ਰਾਜ, ਬੀਜੇਪੀ ਦੇ ਯੁਵਾ ਪ੍ਰਧਾਨ ਸ਼ਿਖਰ ਅਗਰਵਾਲ ਤੇ ਵਿਹਿਪ ਵਰਕਰ ਉਪੇਂਦਰ ਰਾਘਵ ਵੀ ਨਾਮਜ਼ਦ ਹਨ।