ਚੰਡੀਗੜ੍ਹ: ਉੱਤਰ ਪ੍ਰਦੇਸ਼ ਸਰਕਾਰ ਨੇ ਕਾਨਪੁਰ ਵਿੱਚ 1984 ਸਿੱਖ ਕਤਲੇਆਮ ਦੀ ਜਾਂਚ ਲਈ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿੱਟ) ਦਾ ਗਠਨ ਕੀਤਾ ਹੈ। ਇਸ ਦੀ ਕਮਾਨ ਸਾਬਕਾ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਅਤੁੱਲ ਦੇ ਹੱਥ ਹੋਏਗੀ। ਐਸਆਈਟੀ ਨੂੰ ਉਨ੍ਹਾਂ ਮੁਲਜ਼ਮਾਂ ਤੋਂ ਬਾਰੀਕੀ ਨਾਲ ਜਾਂਚ ਕਰਨ ਲਈ ਕਿਹਾ ਗਿਆ ਹੈ ਜਿਨ੍ਹਾਂ ਨੂੰ ਸ਼ੁਰੂਆਤੀ ਜਾਂਚ ਦੌਰਾਨ ਪੁੱਛਗਿੱਛ ਬਾਅਦ ਛੱਡ ਦਿੱਤਾ ਗਿਆ ਸੀ। ਇਸ ਸਬੰਧੀ ਪੁਲਿਸ ਵੱਲੋਂ ਅੰਤਿਮ ਰਿਪੋਰਟ ਪੇਸ਼ ਕੀਤੀ ਗਈ ਸੀ।


ਜ਼ਿਕਰਯੋਗ ਹੈ ਕਿ ਮਨਜੀਤ ਸਿੰਘ ਨਾਂ ਦੇ ਸ਼ਖ਼ਸ ਤੇ ਹੋਰਾਂ ਨੇ ਇਸ ਮਾਮਲੇ ਸਬੰਧੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਸ ਦੇ ਆਧਾਰ ’ਤੇ ਸਿੱਟ ਨੂੰ ਛੇ ਮਹੀਨਿਆਂ ਅੰਦਰ ਸੂਬਾ ਸਰਕਾਰ ਨੂੰ ਜਾਂਚ ਰਿਪੋਰਟ ਦੇਣ ਦੇ ਹੁਕਮ ਦਿੱਤੇ ਗਏ ਹਨ। ਸੁਪਰੀਮ ਕੋਰਟ ਨੇ ਸੂਬਾ ਸਰਕਾਰ ਨੂੰ ਮਾਮਲੇ ਦੀ ਜਾਂਚ ਲਈ ਸਿੱਟ ਦਾ ਗਠਨ ਕਰਨ ਦਾ ਨਿਰਦੇਸ਼ ਦਿੱਤਾ ਸੀ।

ਸਿੱਟ ਵਿੱਚ ਸਾਬਕਾ ਡੀਜੀਪੀ ਦੇ ਇਲਾਵਾ ਸੇਵਾ ਮੁਕਤ ਜ਼ਿਲ੍ਹਾ ਜੱਜ ਸੁਭਾਸ਼ ਚੰਦਰ ਅਗਰਵਾਲ ਤੇ ਸੇਵਾ ਮੁਕਤ ਐਡੀਸ਼ਨਲ ਨਿਰਦੇਸ਼ਕ (ਪ੍ਰੋਸੀਕਿਊਸ਼ਨ) ਯੋਗੇਸ਼ਵਰ ਕ੍ਰਿਸ਼ਨਾ ਸ੍ਰੀਵਾਸਤਵਾ ਵੀ ਸ਼ਾਮਲ ਹਨ। ਕਾਨਪੁਰ ਪੁਲਿਸ ਮੁਖੀ ਸਿੱਟ ਦੇ ਮੈਂਬਰ ਸਕੱਤਰ ਹੋਣਗੇ। ਕਾਨਪੁਰ ਵਿੱਚ ਕਤਲੇਆਮ ਦੌਰਾਨ ਕਈ ਸਿੱਖਾਂ ਨੂੰ ਬੇਰਹਿਮੀ ਨਾਲ ਸੜਕਾਂ ’ਤੇ ਕਤਲ ਕੀਤਾ ਗਿਆ। ਇਸ ਸਬੰਧੀ ਨਜ਼ੀਰਾਬਾਦ ਤੇ ਬਜਾਰੀਆ ਪੁਲਿਸ ਥਾਣੇ ਵਿੱਚ ਕੇਸ ਦਰਜ ਕਰਵਾਏ ਗਏ ਸਨ।