ਇੱਕ ਕਰੋੜ 70 ਲੱਖ ਰੁਪਏ ਦੀ ਹੈ ਇਸ ਬੋਤਲ ਵਿਚਲੀ ਸ਼ੈਅ
ਏਬੀਪੀ ਸਾਂਝਾ | 26 Oct 2018 03:11 PM (IST)
ਮੁੰਬਈ: ਮਹਾਰਾਸ਼ਟਰ ਵਿੱਚ ਸੱਪ ਦੇ ਜ਼ਹਿਰ ਦੀ ਤਸਕਰੀ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਕਰੋੜਾਂ ਰੁਪਏ ਦੇ ਸੱਪ ਦੇ ਜ਼ਹਿਰ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ ਪਾਣੀ ਦੀ ਖਾਲੀ ਬੋਤਲ ਵਿੱਚ ਸੱਪ ਦਾ ਜ਼ਹਿਰ ਪਾਇਆ ਹੋਇਆ ਸੀ। ਇਸ ਦਾ ਗਾਹਕ ਤਲਾਸ਼ ਰਹੇ ਸਨ। ਪੁਲਿਸ ਮੁਤਾਬਕ ਸੱਪ ਦੇ ਜ਼ਹਿਰ ਦੀ ਤਸਕਰੀ ਕਰਨ ਵਾਲਾ ਇਹ ਗਰੋਹ ਕਈ ਸੂਬਿਆਂ ਵਿੱਚ ਸਰਗਰਮ ਸੀ। ਮਹਾਰਾਸ਼ਟਰ ਦੇ ਰਾਏਗੜ੍ਹ ਪੁਲਿਸ ਨੇ ਗਰੋਹ ਦਾ ਪਰਦਾਫ਼ਾਸ਼ ਕਰਦਿਆਂ ਚਾਰ ਮੁਲਜ਼ਮਾਂ ਕੋਲੋਂ ਸੱਪ ਦਾ ਜ਼ਹਿਰ ਵੀ ਬਰਾਮਦ ਕੀਤਾ ਹੈ, ਜਿਸ ਦੀ ਕੀਮਤ 1.7 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਨੇ ਬੀਤੇ ਬੁੱਧਵਾਰ ਗੁਪਤ ਸੂਚਨਾ ਦੇ ਆਧਾਰ 'ਤੇ ਰਾਜਾਰਾਮ ਜੈਸਵਾਰ (46) ਤੇ ਉਦੈਨਾਥ ਜੈਸਵਾਰ (37) ਨੂੰ ਸੱਪ ਦੇ ਜ਼ਹਿਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇੱਕ ਮੁਲਜ਼ਮ ਮੁੰਬਈ ਦੇ ਮਲਵਾਣੀ ਦਾ ਰਹਿਣ ਵਾਲਾ ਹੈ, ਉਸ ਦੇ ਦੱਸੇ ਮੁਤਾਬਕ ਪੁਲਿਸ ਬਾਕੀ ਦੋ ਗੈਂਗ ਮੈਂਬਰਾਂ ਦੇਵੀਲਾਲ ਜੋਸ਼ੀ (36) ਤੇ ਸੰਤੋਸ਼ ਕੁਮਾਰ ਸਿੰਘ (35) ਨੂੰ ਗੁਜਰਾਤ ਵਿੱਚੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤੇ ਗਰੋਹ ਦੇ ਹੋਰ ਕੁਨੈਕਸ਼ਨਾਂ ਬਾਰੇ ਵੀ ਪਤਾ ਲਾ ਰਹੀ ਹੈ।