ਜੰਮੂ: ਪਾਕਿਸਤਾਨ ਵੱਲੋਂ ਬੀਤੇ ਕੱਲ੍ਹ ਇੱਕ ਵਾਰ ਫਿਰ ਗੋਲ਼ੀਬੰਦੀ ਦੀ ਉਲੰਘਣਾ ਕੀਤੀ ਗਈ ਜਿਸ ਵਿੱਚ ਪੰਜਾਬ ਤੇ ਹਰਿਆਣਾ ਦੇ ਜਵਾਨਾਂ ਨੇ ਆਪਣੀ ਜਾਨ ਦੀ ਬਲੀ ਦੇ ਕੇ ਦੇਸ਼ ਦੀ ਰੱਖਿਆ ਕਰ ਕੇ ਮਾਤ ਭੂਮੀ ਦੇ ਸੱਚੇ ਸਪੂਤ ਹੋਣ ਦਾ ਪ੍ਰਮਾਣ ਦੇ ਦਿੱਤਾ। ਜ਼ਿਲ੍ਹਾ ਰਾਜੌਰੀ ਦੇ ਕੇਰੀ ਸੈਕਟਰ ਵਿੱਚ ਕੰਟਰੋਲ ਰੇਖਾ ਨਾਲ ਭਾਰਤੀ ਫ਼ੌਜ ਦੀ ਗਸ਼ਤੀ ਟੁਕੜੀ ਉਤੇ ਪਾਕਿਸਤਾਨੀ ਬਲਾਂ ਵੱਲੋਂ ਕੀਤੀ ਗੋਲੀਬਾਰੀ ਵਿੱਚ ਮੇਜਰ ਸਮੇਤ ਚਾਰ ਜਵਾਨ ਹਲਾਕ ਹੋ ਗਏ ਹਨ। ਇਨ੍ਹਾਂ ਵਿੱਚੋਂ ਲਾਂਸ ਨਾਇਕ ਗੁਰਮੇਲ ਸਿੰਘ ਤੇ ਕੁਲਦੀਪ ਸਿੰਘ ਪੰਜਾਬ ਤੋਂ ਹਨ।
ਫ਼ੌਜ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਪਾਕਿ ਬਲਾਂ ਨੇ ਫ਼ੌਜ ਦੀ ਗਸ਼ਤੀ ਟੁਕੜੀ ਨੂੰ ਬਾਅਦ ਦੁਪਹਿਰ ਸਵਾ ਬਾਰ੍ਹਾਂ ਵਜੇ ਨਿਸ਼ਾਨਾ ਬਣਾਇਆ। ਗੋਲੀਬੰਦੀ ਦੀ ਉਲੰਘਣਾ ਵਿੱਚ ਮੇਜਰ ਮੋਹਰਕਰ ਪ੍ਰਫੁੱਲ ਅੰਬਾਦਾਸ, ਲਾਂਸ ਨਾਇਕ ਗੁਰਮੇਲ ਸਿੰਘ, ਲਾਂਸ ਨਾਇਕ ਕੁਲਦੀਪ ਸਿੰਘ ਤੇ ਸਿਪਾਹੀ ਪ੍ਰਗਟ ਸਿੰਘ ਗੰਭੀਰ ਫੱਟੜ ਹੋਏ ਸਨ, ਜੋ ਬਾਅਦ ਵਿੱਚ ਦਮ ਤੋੜ ਗਏ। ਇਹ ਸਾਰੇ 2 ਸਿੱਖ ਰੈਜੀਮੈਂਟ ਨਾਲ ਸਬੰਧਤ ਸਨ। ਇਸ ਗੋਲੀਬਾਰੀ ਵਿੱਚ ਦੋ ਹੋਰ ਮੁਲਾਜ਼ਮ ਵੀ ਫੱਟੜ ਹੋਏ ਹਨ, ਜੋ ਜ਼ੇਰੇ ਇਲਾਜ ਹਨ।’
ਰੱਖਿਆ ਸੂਤਰਾਂ ਮੁਤਾਬਕ ‘ਬਿਨਾਂ ਕਿਸੇ ਭੜਕਾਊ ਕਾਰਵਾਈ’ ਦੇ ਪਾਕਿ ਵੱਲੋਂ ਕੀਤੀ ਗੋਲੀਬਾਰੀ ’ਚ ਚਾਰ ਜਵਾਨ ਹਲਾਕ ਹੋਏ ਹਨ। ਭਾਰਤੀ ਫੌ਼ਜ ਦੇ ਬਿਆਨ ਮੁਤਾਬਕ ਭਾਰਤੀ ਜਵਾਨਾਂ ਵੱਲੋਂ ਪਾਕਿ ਨੂੰ ਮੂੰਹ-ਤੋੜ ਜਵਾਬ ਦਿੱਤਾ ਗਿਆ ਹੈ। ਮੇਜਰ ਅੰਬਾਦਾਸ (32) ਮਹਾਰਾਸ਼ਟਰ ਦੇ ਜ਼ਿਲ੍ਹਾ ਭੰਡਾਰਾ ਨਾਲ ਸਬੰਧਤ ਸਨ ਅਤੇ ਉਨ੍ਹਾਂ ਦੇ ਪਰਿਵਾਰ ’ਚ ਪਤਨੀ ਅਵੋਲੀ ਮੋਹਰਕਰ ਹੈ। ਲਾਂਸ ਨਾਇਕ ਗੁਰਮੇਲ ਸਿੰਘ (34) ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਅਲਕੜੇ ਨਾਲ ਸਬੰਧਤ ਸਨ ਅਤੇ ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਕੁਲਜੀਤ ਕੌਰ ਤੇ ਧੀ ਹੈ। ਲਾਂਸ ਨਾਇਕ ਕੁਲਦੀਪ ਸਿੰਘ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੌਰੀਨਾ (ਤਲਵੰਡੀ ਸਾਬੋ) ਨਾਲ ਸਬੰਧਤ ਹੈ। ਸਿਪਾਹੀ ਪ੍ਰਗਟ ਸਿੰਘ (30) ਕਰਨਾਲ ਦੇ ਸਨ ਅਤੇ ਉਨ੍ਹਾਂ ਦੇ ਪਰਿਵਾਰ ’ਚ ਪਤਨੀ ਰਮਨਪ੍ਰੀਤ ਕੌਰ ਤੇ ਪੁੱਤਰ ਸ਼ਾਮਲ ਹੈ।
ਫੌ਼ਜ ਮੁਤਾਬਕ, ‘ਮੇਜਰ ਅੰਬਾਦਾਸ, ਲਾਂਸ ਨਾਇਕ ਗੁਰਮੇਲ ਸਿੰਘ, ਲਾਂਸ ਨਾਇਕ ਕੁਲਦੀਪ ਸਿੰਘ ਤੇ ਸਿਪਾਹੀ ਪ੍ਰਗਟ ਸਿੰਘ ਬਹਾਦਰ ਸੈਨਿਕ ਸਨ। ਉਨ੍ਹਾਂ ਦੀ ਕੁਰਬਾਨੀ ਲਈ ਦੇਸ਼ ਹਮੇਸ਼ਾ ਉਨ੍ਹਾਂ ਦਾ ਰਿਣੀ ਰਹੇਗਾ।’
ਪੰਜਾਬ ਦੇ ਜਵਾਨਾਂ ਦੀ ਸ਼ਹਾਦਤ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਪਾਕਿਸਤਾਨੀ ਫ਼ੌਜ ਵੱਲੋਂ ਕੀਤੀ ਗੋਲੀਬਾਰੀ ਵਿੱਚ ਮਾਰੇ ਗਏ ਲਾਂਸ ਨਾਇਕ ਗੁਰਮੇਲ ਸਿੰਘ ਤੇ ਲਾਂਸ ਨਾਇਕ ਕੁਲਦੀਪ ਸਿੰਘ ਦੇ ਪਰਿਵਾਰਾਂ ਨਾਲ ਦੁੱਖ ਵੰਡਾਇਆ ਅਤੇ ਕਿਹਾ ਹੈ ਕਿ ਇਨ੍ਹਾਂ ਜਵਾਨਾਂ ਦੀ ਇਸ ਸ਼ਹਾਦਤ ਲਈ ਮੁਲਕ ਉਨ੍ਹਾਂ ਦਾ ਸਦਾ ਅਹਿਸਾਨਮੰਦ ਰਹੇਗਾ।