ਨਵੀਂ ਦਿੱਲੀ: ਦਿੱਲੀ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਅੱਜ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਸਮੇਂ ਤੜਕੇ ਇੱਕ ਵਿਅਕਤੀ ਪ੍ਰਕਾਸ਼ ਕਰਨ ਵਾਲੇ ਥੜ੍ਹੇ ਉਪਰ ਅਚਾਨਕ ਚੜ੍ਹ ਗਿਆ ਤੇ ਫਿਰ ਲੇਟ ਗਿਆ। ਉੱਥੇ ਹਾਜ਼ਰ ਦਿੱਲੀ ਕਮੇਟੀ ਦੇ ਅਮਲੇ ਨੇ ਉਸ ਨੂੰ ਚੁੱਕ ਕੇ ਲਾਹਿਆ। ਉਸ ਨੂੰ ਦਿੱਲੀ ਪੁਲੀਸ ਦੇ ਹਵਾਲੇ ਕੀਤਾ ਗਿਆ। ਬੇਅਦਬੀ ਕਰਨ ਵਾਲੇ ਦੀ ਪਛਾਣ ਆਨੰਦ ਨਿਵਾਸੀ ਪਹਾੜਗੰਜ ਦਿੱਲੀ ਵੱਜੋਂ ਹੋਈ ਜੋ ਤਾਮਿਲਨਾਡੂ ਦਾ ਹੈ। ਘਟਨਾ ਦਾ ਪਤਾ ਲੱਗਦੇ ਹੀ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਜੀਐਸ ਕਾਹਲੋਂ ਤੇ ਹੋਰ ਆਗੂ ਮੌਕੇ ਤੇ ਪੁੱਜੇ ਤੇ ਥਾਣੇ ਵਿੱਚ ਧਾਰਾ 295 ਏ, 323 ਹੇਠ ਮਾਮਲਾ ਦਰਜ ਕੀਤਾ ਗਿਆ ਹੈ।