ਨਵੀਂ ਦਿੱਲੀ: ਬਾਰ੍ਹਾਂ ਜਿਓਤਿਰਲਿੰਗਾ ਵਿੱਚੋਂ ਪਹਿਲੇ ਜਿਓਤਿਰਲਿੰਗ ਮੰਦਰ ਨੂੰ ਸੋਨੇ ਨਾਲ ਸਜਾਇਆ ਜਾ ਰਿਹਾ ਹੈ। 105 ਕਿਲੋ ਸੋਨੇ ਦੀ ਵਰਤੋਂ ਹੋ ਚੁੱਕੀ ਹੈ। ਸ਼ਨੀਵਾਰ ਨੂੰ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਟਰੱਸਟ ਦੀ ਬੈਠਕ ਹੋਈ ਤੇ ਕਈ ਅਹਿਮ ਫੈਸਲੇ ਲਏ ਗਏ।
ਭਗਵਾਨ ਭੋਲੇਨਾਥ ਦੇ ਇਸ ਮੰਦਰ ਨੂੰ ਸੋਨੇ ਨਾਲ ਸਜਾਉਣ ਦੇ ਕੰਮ ਵਿੱਚ ਸਰਕਾਰ ਨੇ ਤੇਜ਼ੀ ਲਿਆਉਣ ਦਾ ਫੈਸਲਾ ਕੀਤਾ ਹੈ। ਮੰਦਰ ਦੀ ਸ਼ੋਭਾ ਵਧਾ ਰਹੇ ਇਸ ਸ਼ਿਖਰ ਨੂੰ ਵੀ ਸਜਾਉਣ ਦਾ ਕੰਮ ਪੂਰਾ ਹੋ ਗਿਆ ਹੈ। ਹੁਣ ਵਾਰੀ ਮੰਦਰ ਦੇ ਖੰਭਿਆ ਦੀ ਹੈ। ਤਿੰਨ ਹਿੱਸਿਆਂ ਵਿੱਚ ਹੁਣ ਤੱਕ 105 ਕਿਲੋ ਸੋਨੇ ਨਾਲ ਮੰਦਰ ਨੂੰ ਸਜਾਇਆ ਜਾ ਚੁੱਕਿਆ ਹੈ। ਕਰੀਬ 31.05 ਕਰੋੜ ਰੁਪਏ ਸਿਰਫ ਸੋਨੇ 'ਤੇ ਖਰਚ ਹੋਏ ਹਨ। ਇਸ ਸੋਨੇ ਨੂੰ ਇੱਕ ਭਗਤ ਨੇ ਹੀ ਦਾਨ ਦਿੱਤਾ ਹੈ।
ਮੰਦਰ ਨੂੰ ਹੋਰ ਖੂਬਸੂਰਤ ਬਣਾਉਣ ਲਈ ਦਿੱਲੀ ਵਿੱਚ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਕੱਲ੍ਹ ਮੰਦਰ ਟਰੱਸਟ ਦੀ ਬੈਠਕ ਹੋਈ। ਇਸ ਵਿੱਚ ਕਈ ਅਹਿਮ ਫੈਸਲੇ ਲਏ ਗਏ। ਬੈਠਕ ਵਿੱਚ ਫੈਸਲਾ ਹੋਇਆ ਕਿ ਸਮੁੰਦਰ ਦੇ ਰਸਤੇ ਤੋਂ ਸੋਮਨਾਥ ਮੰਦਰ ਤੱਕ ਜਾਣ ਦੇ ਲਈ ਲਗਜ਼ਰੀ ਕਰੂਜ਼ ਤੋਂ ਲੈ ਕੇ ਛੋਟੀ ਮੋਟਰ ਕਿਸ਼ਤੀਆਂ ਚਲਾਉਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਸਮੁੰਦਰ ਤੋਂ ਉਡਾਣ ਭਰ ਸਕਣ ਵਾਲੇ ਜਹਾਜ਼ ਨੂੰ ਵੀ ਸੋਮਨਾਥ ਮੰਦਰ ਨਾਲ ਜੋੜਿਆ ਜਾਵੇਗਾ।