ਭੁਪਾਲ: ਕੋਰੋਨਾ ਵਾਇਰਸ ਨੇ ਕਾਰਨ ਜਿੱਥੇ ਦੁਨੀਆਂ ਭਰ 'ਚ ਹਾਹਾਕਾਰ ਮੱਚੀ ਹੋਈ ਹੈ, ਉੱਥੇ ਹੀ ਮਨੁੱਖੀ ਰਿਸ਼ਤਿਆਂ 'ਚ ਵੀ ਦੂਰੀਆਂ ਵਧ ਗਈਆਂ ਹਨ। ਬਿਮਾਰੀ ਦਾ ਖੌਫ ਇੰਨਾ ਕਿ ਭੁਪਾਲ ਦੇ ਸ਼ੁਜਾਲਪੁਰ 'ਚ ਇੱਕ ਪੁੱਤ ਨੇ ਕੋਰੋਨਾ ਕਾਰਨ ਮ੍ਰਿਤਕ ਪਿਤਾ ਦੀ ਦੇਹ ਨੂੰ ਹੱਥ ਲਾਉਣ ਤੋਂ ਇਨਕਾਰ ਕਰ ਦਿੱਤਾ। ਲਿਫ਼ਾਫ਼ੇ 'ਚ ਲਪੇਟੀ ਮ੍ਰਿਤਕ ਦੇਹ ਤੋਂ ਦੂਰ ਹੀ ਖੜ੍ਹਾ ਰਿਹਾ। ਇੱਥੋਂ ਤਕ ਕਿ ਅਫ਼ਸਰ ਸਮਝਾਉਂਦੇ ਰਹੇ ਕਿ ਜੋ ਲੋਕ ਇਲਾਜ ਕਰ ਰਹੇ ਹਨ, ਮੌਤ ਮਗਰੋਂ ਦੇਹ ਨੂੰ ਮੋਰਚਰੀ 'ਚ ਰੱਖ ਰਹੇ ਹਨ ਉਹ ਸਭ ਵੀ ਇਨਸਾਨ ਹਨ ਪਰ ਇਸ ਦੇ ਬਾਵਜੂਦ ਪੁੱਤ ਆਪਣੇ ਪਿਉ ਪ੍ਰਤੀ ਫਰਜ਼ ਪੂਰੇ ਕਰਨ ਲਈ ਤਿਆਰ ਨਾ ਹੋਇਆ।

ਪੁੱਤ ਨੇ ਇਹ ਲਿਖ ਕੇ ਦੇ ਦਿੱਤਾ ਕਿ ਪੀਪੀਈ ਕਿੱਟ ਪਹਿਣਨੀ ਤੇ ਉਤਾਰਨੀ ਨਹੀਂ ਆਉਂਦੀ। ਪਤੀ ਨੂੰ ਗਵਾ ਚੁੱਕੀ ਮਾਂ ਨੇ ਵੀ ਪੁੱਤ ਦਾ ਫ਼ਿਕਰ ਕਰਦਿਆਂ ਅਫ਼ਸਰਾਂ ਨੂੰ ਕਹਿ ਦਿੱਤਾ ਤਹਾਨੂੰ ਸਭ ਕੁਝ ਆਉਂਦਾ ਹੈ ਤੁਸੀਂ ਵੀ ਮੇਰੇ ਪੁੱਤ ਹੋ। ਨਤੀਜਾ ਉੱਥੋਂ ਦੇ ਤਹਿਸੀਲਦਾਰ ਗੁਲਾਬ ਸਿੰਘ ਬਘੇਲ ਨੇ ਅੰਤਿਮ ਸਸਕਾਰ ਕੀਤਾ।



ਮ੍ਰਿਤਕ ਦਾ ਪਰਿਵਾਰ 50 ਮੀਟਰ ਦੂਰ ਤੋਂ ਹੀ ਸਸਕਾਰ ਦੇਖਦਾ ਰਿਹਾ। ਕੋਰੋਨਾ ਕਾਰਨ ਰਿਸ਼ਤਿਆਂ 'ਚ ਪਈ ਦੂਰੀ ਦੀ ਇਹ ਕਹਾਣੀ ਸ਼ੁਜਾਲਪੁਰ ਦੇ ਰਹਿਣ ਵਾਲੇ ਵਿਅਕਤੀ ਦੀ ਹੈ। ਹਾਲਾਂਕਿ ਇਹ ਅਜਿਹਾ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਕਸਰ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿੱਥੇ ਕੋਰੋਨਾ ਵਾਇਰਸ ਕਾਰਨ ਜਾਨ ਗਵਾ ਚੁੱਕੇ ਲੋਕਾਂ ਦੇ ਆਪਣਿਆਂ ਨੇ ਵੀ ਜ਼ਿੰਦਗੀ ਦੇ ਨਾਲ ਉਨ੍ਹਾਂ ਤੋਂ ਮੂੰਹ ਫੇਰ ਲਿਆ।