ਨਵੀਂ ਦਿੱਲੀ: ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਫਸੇ ਲੋਕਾਂ ਨੂੰ ਕੱਢਣ ਲਈ ਰੇਲਵੇ ਨੇ ਮੈਗਾ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ। ਕੱਲ੍ਹ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਲੌਕਡਾਊਨ ਕਾਰਨ ਫਸੇ ਮਜ਼ਦੂਰ ਲੈਕੇ ਚੱਲੀਆਂ ਛੇ ਟਰੇਨਾਂ ਹੁਣ ਮੰਜ਼ਿਲ 'ਤੇ ਪਹੁੰਚਣ ਲੱਗੀਆਂ ਹਨ।
ਕੱਲ੍ਹ ਰਾਤ ਤੇਲੰਗਾਨਾ ਤੋਂ ਚੱਲੀ ਟਰੇਨ 1200 ਮਜ਼ਦੂਰਾਂ ਸਮੇਤ ਰਾਂਚੀ ਦੇ ਹਟੀਆ ਪਹੁੰਚੀ ਤੇ ਅੱਜ ਸਵੇਰ ਨਾਸਿਕ ਤੋਂ ਚੱਲੇ 400 ਮਜ਼ਦੂਰ ਟਰੇਨ ਜ਼ਰੀਏ ਭੋਪਾਲ ਪਹੁੰਚ ਗਏ। ਰੇਲ ਮੰਤਰਾਲੇ ਦੀਆਂ ਹਦਾਇਤਾਂ ਮੁਤਾਬਕ ਛੇ ਟਰੇਨਾਂ ਪ੍ਰੋਯਗ ਦੇ ਤੌਰ 'ਤੇ ਚਲਾਈਆਂ ਗਈਆਂ ਹਨ:
ਤੇਲੰਗਾਨਾ ਤੋਂ ਝਾਰਖੰਡ
ਮਹਾਰਾਸ਼ਟਰ ਦੇ ਨਾਸਿਕ ਤੋਂ ਯੂਪੀ ਦੇ ਲਖਨਊ
ਨਾਸਿਕ ਤੋਂ ਐਮਪੀ ਦੇ ਭੋਪਾਲ
ਰਾਜਸਥਾਨ ਦੇ ਜੈਪੁਰ ਤੋਂ ਬਿਹਾਰ ਦੇ ਪਟਨਾ
ਰਾਜਸਥਾਨ ਦੇ ਕੋਟਾ ਤੋਂ ਝਾਰਖੰਡ ਦੇ ਰਾਂਚੀ
ਕੇਰਲ ਦੇ ਅਲੂਵਾ ਤੋਂ ਓੜੀਸਾ ਦੇ ਭੁਵਨੇਸ਼ਵਰ ਤਕ
ਦਰਅਸਲ ਗ੍ਰਹਿ ਮੰਤਰਾਲੇ ਨੇ ਵੱਖ-ਵੱਖ ਥਾਵਾਂ 'ਤੇ ਫਸੇ ਮਜ਼ਦੂਰਾਂ, ਸ਼ਰਧਾਲੂਆਂ ਤੇ ਵਿਦਿਆਰਥੀਆਂ ਲਈ ਰੇਲ ਮੰਤਰਾਲੇ ਨੂੰ ਸਪੈਸ਼ਲ ਰੇਲਾਂ ਚਲਾਉਣ ਦੀ ਆਗਿਆ ਦੇ ਦਿੱਤੀ ਹੈ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਟਰੇਨਾਂ 'ਚ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਜਾ ਰਿਹਾ ਹੈ। ਟ੍ਰੇਨ ਦੀ ਬੋਗੀ 'ਚ 72 ਦੀ ਥਾਂ 56 ਲੋਕਾਂ ਨੂੰ ਹੀ ਜਗ੍ਹਾ ਦਿੱਤੀ ਜਾ ਰਹੀ ਹੈ।
ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਮੁਤਾਬਕ ਟ੍ਰੇਨ ਇਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਤਕ ਚੱਲੇਗੀ ਤੇ ਇਸ ਲਈ ਦੋਵਾਂ ਸੂਬਿਆਂ ਦੀ ਸਰਕਾਰ ਦੀ ਸਹਿਮਤੀ ਹੋਣੀ ਜ਼ਰੂਰੀ ਹੈ।
ਜਿਸ ਸੂਬੇ ਤੋਂ ਟਰੇਨ ਚੱਲੇਗੀ ਉੱਥੋਂ ਦੀ ਸਰਕਾਰ ਪਹਿਲਾਂ ਸਾਰੇ ਯਾਤਰੀਆਂ ਦੀ ਸਕਰੀਨਿੰਗ ਕਰੇਗੀ।
ਜਿੰਨ੍ਹਾਂ 'ਚ ਕੋਰੋਨਾ ਵਾਇਰਸ ਦਾ ਕੋਈ ਲੱਛਣ ਨਹੀਂ ਹੋਵੇਗਾ ਸਿਰਫ਼ ਉਨ੍ਹਾਂ ਨੂੰ ਹੀ ਟਰੇਨ 'ਚ ਜਾਣ ਦੀ ਇਜਾਜ਼ਤ ਹੋਵੇਗੀ।
ਟਰੇਨ 'ਚ ਕੋਈ ਭੀੜ ਨਾ ਹੋਵੇ ਇਸ ਲਈ ਸੂਬਾ ਸਰਕਾਰ ਹੀ ਤੈਅ ਕਰੇਗੀ ਕਿ ਇਕ ਵਾਰ ਚ ਕਿੰਨੇ ਲੋਕ ਜਾਣਗੇ।
ਟਰੇਨ 'ਚ ਜਾਣ ਲਈ ਕਿਸੇ ਵੀ ਯਾਤਰੀ ਨੂੰ ਟਿਕਟ ਨਹੀਂ ਜਾਰੀ ਕੀਤੀ ਜਾਵੇਗੀ।
ਇਹ ਟਰੇਨਾਂ ਵਿਚ ਦੇ ਕਿਸੇ ਸਟੇਸ਼ਨ 'ਤੇ ਨਹੀਂ ਰੁਕਣਗੀਆਂ।
ਮੰਜ਼ਿਲ 'ਤੇ ਪਹੁੰਚਣ ਮਗਰੋਂ ਉੱਥੋਂ ਦੀ ਸੂਬਾ ਸਰਕਾਰ ਸਾਰੇ ਯਾਤਰੀਆਂ ਨੂੰ ਉਨ੍ਹਾਂ ਦੇ ਘਰ ਤਕ ਪਹੁੰਚਾਉਣ, ਉਨ੍ਹਾਂ ਦੀ ਸਕਰੀਨਿੰਗ ਤੇ ਕੁਆਰੰਟੀਨ ਕਰਨ ਦਾ ਪ੍ਰਬੰਧ ਕਰੇਗੀ।