ਨਵੀਂ ਦਿੱਲੀ: 73ਵੇਂ ਆਜ਼ਾਦੀ ਦਿਹਾੜੇ ਮੌਕੇ ਪਾਕਿਸਤਾਨ ਖਿਲਾਫ ਬਹਾਦਰੀ ਦਿਖਾਉਣ ਵਾਲੇ ਹਵਾਈ ਸੈਨਾ ਦੇ ਸੱਤ ਅਫਸਰਾਂ ਨੂੰ ਬਹਾਦਰੀ ਐਵਾਰਡ ਐਲਾਨੇ ਗਏ। ਜਦਕਿ ਪੰਜ ਹੋਰ ਅਫਸਰਾਂ ਨੂੰ ਖਾਸ ਸੇਵਾ ਲਈ ‘ਯੁੱਧ ਸੇਵਾ ਮੈਡਲ’ ਦੇਣ ਦਾ ਵੀ ਐਲਾਨ ਹੋਇਆ। ਇਨ੍ਹਾਂ ‘ਚ ਇੱਕ ਨਾਂ ਸਕਵਾਰਡਨ ਲੀਡਰ ਮਿੰਟੀ ਅਗਰਵਾਲ ਹੈ। ਉਸ ਨੇ 27 ਫਰਵਰੀ ਨੂੰ ਪਾਕਿ ਜਹਾਜ਼ਾਂ ਦੇ ਘੁਸਪੈਠ ਦੌਰਾਨ ਫਾਈਟਰ ਪਲੇਨ ਕੰਟ੍ਰੋਲ ਦੀ ਜ਼ਿੰਮੇਵਾਰੀ ਸੰਭਾਲੀ ਸੀ।
ਮਿੰਟੀ ਨੇ ਪਾਕਿ ਦੇ ਐਫ-16 ਜੈੱਟ ਦੇ ਹਮਲੇ ਨੂੰ ਨਾਕਾਮ ਕਰਨ ਤੇ ਉਸ ਨੂੰ ਮਾਰਨ ‘ਚ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੀ ਮਦਦ ਕੀਤੀ ਸੀ। ਇਸ ਬਹਾਦਰੀ ਤੇ ਸਮਝਦਾਰੀ ਲਈ ਮਿੰਟੀ ਨੂੰ 15 ਅਗਸਤ ਨੂੰ ‘ਯੁੱਧ ਸੇਵਾ ਮੈਡਲ’ ਨਾਲ ਸਨਮਾਨਿਤ ਕੀਤਾ ਗਿਆ। ਇਹ ਮੈਡਲ ਹਾਸਲ ਕਰਨ ਵਾਲੀ ਮਿੰਟੀ ਪਹਿਲੀ ਭਾਰਤੀ ਬਣੀ ਹੈ। ਬੇਸ਼ੱਕ ਇਹ ਮੈਡਲ ਬਹਾਦਰੀ ਐਵਾਰਡਾਂ ਦੀ ਲਿਸਟ ‘ਚ ਨਹੀਂ ਆਉਂਦਾ।
ਮਿੰਟੀ ਅਗਰਵਾਲ ਨੇ ਕਿਹਾ ਕਿ ਅਸੀਂ 26 ਫਰਵਰੀ ਨੂੰ ਬਾਲਾਕੋਟ ਮਿਸ਼ਨ ਨੂੰ ਕਾਮਯਾਬ ਕੀਤਾ। ਅਸੀਂ ਜਵਾਬੀ ਕਾਰਵਾਈ ਦੀ ਉਮੀਦ ਕਰ ਹਹੇ ਸੀ। ਇਸ ਲਈ ਸਾਡੀ ਪੂਰੀ ਤਿਆਰੀ ਸੀ ਤੇ ਉਨ੍ਹਾਂ ਨੇ 24 ਘੰਟਿਆਂ ‘ਚ ਹੀ ਜਵਾਬੀ ਕਾਰਵਾਈ ਕੀਤੀ। ਮੈਂ 26 ਤੇ 27 ਫਰਵਰੀ ਦੋਵਾਂ ਮਿਸ਼ਨਾਂ ‘ਚ ਪੂਰਾ ਹਿੱਸਾ ਲਿਆ। ਅਭਿਨੰਦਨ ਤੇ ਮੇਰੇ ਵਿੱਚ ਟੂ ਵੇਅ ਕਮਿਊਨੀਕੇਸ਼ਨ ਸੀ।
ਹਵਾਈ ਸੈਨਾ ਦੀ ਮਹਿਲਾ ਅਫਸਰਾਂ ਨੇ ਵੀ ਮਿੰਟੀ ਦੀ ਇਸ ਉਪਲਬਧੀ ਦੀ ਤਾਰੀਫ ਕੀਤੀ। 1990 ‘ਚ ਏਅਰਫੋਰਸ ‘ਚ ਸ਼ਾਮਲ ਹੋਈ ਪਹਿਲੇ ਬੈਚ ਦੀ ਮਹਿਲਾ ਅਫਸਰ ਵਿੰਗ ਕਮਾਂਡਰ ਅਨੁਪਮਾ ਜੋਸ਼ੀ (ਰਿਟਾਇਰਡ) ਨੇ ਕਿਹਾ ਕਿ ਹੌਲੀ-ਹੌਲੀ ਹੀ ਸਹੀ ਮਹਿਲਾਵਾਂ ਨੇ ਆਪਣੇ ਨਿਸ਼ਾਨ ਛੱਡਣੇ ਸ਼ੁਰੂ ਕਰ ਦਿੱਤੇ ਹਨ। ਇਹ ਇੱਕ ਹੋਰ ਉਪਲੱਬਧੀ ਹੈ।