ਮੋਦੀ ਨੇ ਬਦਲਿਆ ਫੌਜ ਦਾ ਸਿਸਟਮ, ਭਾਰਤ 'ਚ ਵੀ ਸੀਡੀਐਸ ਦਾ ਐਲਾਨ
ਨਵੀਂ ਦਿੱਲੀ: ਦੇਸ਼ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 73ਵੇਂ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲੇ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਤੇਜ਼ੀ ਨਾਲ ਬਦਲਦੀ ਤਕਨੀਕ ਤੇ ਸਮੇਂ ਨਾਲ ਜੰਗ ਦੇ ਤਰੀਕਿਆਂ ‘ਚ ਵੀ ਬਦਲਾਅ ਆ ਰਹੇ ਹਨ। ਜੇਕਰ ਹੁਣ ਜੰਗ ਹੁੰਦੀ ਹੈ ਤਾਂ ਉਹ ਪਹਿਲਾਂ ਤੋਂ ਕਿਤੇ ਜ਼ਿਆਦਾ ਭਿਆਨਕ ਹੋਵੇਗੀ। ਇਸ ਨਾਲ ਨਜਿੱਠਣ ਲਈ ਤਿੰਨਾਂ ਸੈਨਾਵਾਂ ‘ਚ ਤਾਲਮੇਲ ਹੋਣਾ ਜ਼ਰੂਰੀ ਹੈ। ਇਸ ਲਈ ਉਨ੍ਹਾਂ ਨੇ ਤਿੰਨਾਂ ਸੈਨਾਵਾਂ ‘ਚ ਨਵਾਂ ਸਿਸਟਮ ਲਾਗੂ ਕਰਨ ਦਾ ਐਲਾਨ ਕੀਤਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸੁਰੱਖਿਆ ਦੇ ਜਾਣਕਾਰ ਲੰਬੇ ਸਮੇਂ ਤੋਂ ਇਸ ਸਿਸਟਮ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦੀ ਮੰਗ ਨੂੰ ਦੇਖਦੇ ਹੋਏ ਚੀਫ ਆਫ਼ ਡਿਫੈਂਸ ਸਟਾਫ ਦਾ ਪ੍ਰਬੰਧ ਕੀਤਾ ਜਾਵੇਗਾ। ਸੀਡੀਐਸ ਤਿੰਨਾਂ ਸੈਨਾਵਾਂ ਦੇ ਮੁਖੀ ਹੋਣਗੇ। ਉਨ੍ਹਾਂ ਨੂੰ ਤਿੰਨਾਂ ਸੈਨਾਵਾਂ ਦੀ ਨੁਮਾਇੰਦਗੀ ਹਾਸਲ ਹੋਵੇਗੀ। ਪੀਐਮ ਨੇ ਇਸ ਦੇ ਐਲਾਨ ਮੌਕੇ ਕਿਹਾ ਕਿ ਅੱਜ ਦੇ ਸਮੇਂ ‘ਚ ਤਿੰਨਾਂ ਸੈਨਾਵਾਂ ਦਾ ਇਕੱਠਾ ਹੋਣਾ ਬੇਹੱਦ ਜ਼ਰੂਰੀ ਹੈ।
ਹੁਣ ਜਾਣੋ ਕੀ ਹੈ ਸੀਡੀਐਸ:
ਚੀਫ ਆਫ਼ ਡਿਫੈਂਸ ਸਟਾਫ ਦਾ ਅਹੁਦਾ ਤਿੰਨਾਂ ਸੈਨਾਵਾਂ ਤੋਂ ਉੱਤੇ ਹੁੰਦਾ ਹੈ। 1999 ‘ਚ ਕਾਰਗਿਲ ਜੰਗ ਤੋਂ ਬਾਅਦ ਤੋਂ ਸੁਰੱਖਿਆ ਮਾਹਿਰਾਂ ਨੇ ਇਸ ਦੀ ਮੰਗ ਕੀਤੀ ਸੀ। ਕਾਰਗਿਲ ਤੋਂ ਬਾਅਦ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਆਡਵਾਨੀ ਦੀ ਪ੍ਰਧਾਨਗੀ ‘ਚ ਗਰੁੱਪ ਆਫ ਮਨਿਸਟਰੀ ਨੇ ਵੀ ਤਿੰਨਾਂ ਸੈਨਾਵਾਂ ‘ਚ ਬਿਹਤਰ ਤਾਲਮੇਲ ਸਥਾਪਤ ਕਰਨ ਲਈ ਸੀਡੀਐਸ ਦੀ ਸਿਫਾਰਸ਼ ਕੀਤੀ ਸੀ। 20 ਸਾਲ ਬਾਅਦ ਇਸ ਨੂੰ ਲਾਗੂ ਕੀਤਾ ਗਿਆ ਹੈ।
ਇਸ ਤੋਂ ਪਹਿਲ਼ਾਂ ਵੀ ਅੱਟਲ ਬਿਹਾਰੀ ਵਾਜਪਾਈ ਨੇ ਇਸ ਸਿਸਟਮ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਸਮੇਂ ਤਿੰਨਾਂ ਸੈਨਾਵਾਂ ‘ਚ ਇਸ ਬਾਰੇ ਸਹਿਮਤੀ ਨਹੀਂ ਬਣੀ ਸੀ। ਇਸ ‘ਚ ਸਭ ਤੋਂ ਵੱਡਾ ਕਾਰਨ ਸੀ ਹਵਾਈ ਸੈਨਾ। ਇਸ ਤੋਂ ਬਾਅਦ ਤਿੰਨਾਂ ਸੈਨਾਵਾਂ ਦੇ ਤਾਲਮੇਲ ਲਈ ਚੀਫ ਆਫ਼ ਡਿਫੈਂਸ ਸਟਾਫ ਕਮੇਟੀ ਦਾ ਅਹੁਦਾ ਬਣਾਇਆ ਸੀ ਪਰ ਉਸ ਦੇ ਚੇਅਰਮੈਨ ਕੋਲ ਲੋੜੀਂਦੀਆਂ ਸ਼ਕਤੀਆਂ ਨਹੀਂ ਸੀ। ਫਿਲਹਾਲ ਹਵਾਈ ਸੈਨਾ ਪ੍ਰਮੁਖ ਏਅਰ ਚੀਫ ਮਾਰਸ਼ਲ ਬੀਐਸ ਧਨੋਆ ਚੀਫ ਆਫ਼ ਡਿਫੈਂਸ ਸਟਾਫ ਕਮੇਟੀ ਦਾ ਚੇਅਰਮੈਨ ਹਨ। ਹੁਣ ਮੋਦੀ ਨੇ ਇਸ ਦਾ ਐਲਾਨ ਕਰ ਦਿੱਤਾ ਹੈ।
ਚੀਫ ਆਫ਼ ਡਿਫੈਂਸ ਸਟਾਫ ਦਾ ਅਹੁਦਾ ਤਿੰਨਾ ਸੈਨਾਵਾਂ ‘ਚ ਤਾਲਮੇਲ ਲਈ ਜਿੰਨਾ ਜ਼ਰੂਰੀ ਹੈ, ਓਨਾ ਹੀ ਇਹ ਮਾਮਲਾ ਮੋਦੀ ਸਰਕਾਰ ਦੇ ਏਜੰਡੇ ‘ਚ ਵੀ ਸ਼ਾਮਲ ਰਿਹਾ ਹੈ। ਇਸ ਦਾ ਐਲਾਨ ਭਾਵੇਂ ਮੋਦੀ ਸਰਕਾਰ-2 ‘ਚ ਹੋਇਆ ਪਰ ਇਸ ਬਾਰੇ ਕੰਮ ਪਹਿਲੀ ਸਰਕਾਰ ਤੋਂ ਹੀ ਸ਼ੁਰੂ ਹੋ ਚੁੱਕਿਆ ਸੀ।
ਹੁਣ ਜਾਣੋ ਕਿਹੜੇ-ਕਿਹੜੇ ਦੇਸ਼ ‘ਚ ਲਾਗੂ ਇਹ ਸਿਸਟਮ
ਭਾਰਤ ਨੇ ਭਾਵੇ ਇਸ ਨੂੰ ਆਪਣੀ ਤਿੰਨਾ ਸੈਨਾਵਾਂ ‘ਚ ਤਾਲਮੇਲ ਬਿਠਾਉਣ ਲਈ ਸ਼ੁਰੂ ਕੀਤਾ ਹੈ ਪਰ ਦੁਨੀਆ ਦੇ ਤਮਾਮ ਦੇਸ਼ਾਂ ਦੀਆਂ ਸੈਨਾਵਾਂ ‘ਚ ਤਾਲਮੇਲ ਸਥਾਪਤ ਕਰਨ ਤੇ ਉਨ੍ਹਾਂ ਇੱਕ-ਰੂਪ ਦੇਣ ਲਈ ਇਹ ਸਿਸਟਮ ਪਹਿਲਾਂ ਹੀ ਮੌਜੂਦ ਹੈ। ਅਮਰੀਕਾ, ਚੀਨ, ਯੂਨਾਈਟਿਡ ਕਿੰਗਡਮ, ਜਾਪਾਨ ਤੇ ਨਾਟੋ ਦੇਸ਼ਾਂ ਦੀ ਸੇਨਾਵਾਂ ‘ਚ ਇਹ ਅਹੁਦਾ ਪਹਿਲਾਂ ਤੋਂ ਲਾਗੂ ਹੈ।
ਕੌਣ ਹੋਵੇਗਾ ਸੀਡੀਐਸ?
ਕਿਉਂਕਿ ਸੀਡੀਐਸ ਤਿੰਨਾਂ ਸੈਨਾਵਾਂ ਦਾ ਮੁਖੀ ਹੋਵੇਗਾ, ਇਸ ਲਿਹਾਜ ਨਾਲ ਉਸ ਕੋਲ ਸੈਨਾ ਦਾ ਲੰਬਾ ਤਜ਼ਰਬਾ ਤੇ ਉਪਲਬਧੀਆਂ ਹੋਣੀਆਂ ਜ਼ਰੂਰੀ ਹਨ। ਚੀਫ ਆਫ਼ ਡਿਫੈਂਸ ਸਟਾਫ ਦਾ ਅਹੁਦਾ ਕਿਸੇ ਵੀ ਸੈਨਾ ਦੇ ਮੁਖੀ ਨੂੰ ਦਿੱਤੀ ਜਾ ਸਕਦੀ ਹੈ। ਦੂਜੇ ਦੇਸ਼ਾਂ ‘ਚ ਜਿਨ੍ਹਾਂ ਨੂੰ ਸੈਨਾ ਦਾ ਸਭ ਤੋਂ ਜ਼ਿਆਦਾ ਤਜ਼ਰਬਾ ਹੁੰਦਾ ਹੈ ਤੇ ਜੋ ਸਭ ਤੋਂ ਸੀਨੀਅਰ ਹੁੰਦਾ ਹੈ, ਉਸ ਨੂੰ ਇਹ ਅਹੁਦਾ ਦਿੱਤਾ ਜਾਂਦਾ ਹੈ।
ਮੋਦੀ ਨੇ ਬਦਲਿਆ ਫੌਜ ਦਾ ਸਿਸਟਮ, ਭਾਰਤ 'ਚ ਵੀ ਸੀਡੀਐਸ ਦਾ ਐਲਾਨ
ਏਬੀਪੀ ਸਾਂਝਾ
Updated at:
15 Aug 2019 04:42 PM (IST)
ਦੇਸ਼ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 73ਵੇਂ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲੇ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਤੇਜ਼ੀ ਨਾਲ ਬਦਲਦੀ ਤਕਨੀਕ ਤੇ ਸਮੇਂ ਨਾਲ ਜੰਗ ਦੇ ਤਰੀਕਿਆਂ ‘ਚ ਵੀ ਬਦਲਾਅ ਆ ਰਹੇ ਹਨ। ਜੇਕਰ ਹੁਣ ਜੰਗ ਹੁੰਦੀ ਹੈ ਤਾਂ ਉਹ ਪਹਿਲਾਂ ਤੋਂ ਕਿਤੇ ਜ਼ਿਆਦਾ ਭਿਆਨਕ ਹੋਵੇਗੀ।
- - - - - - - - - Advertisement - - - - - - - - -