ਨਿਊਯਾਰਕ: ਭਾਰਤ ਵੱਲੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਮਗਰੋਂ ਚੀਨ ਨੇ ਪਾਕਿਸਤਾਨ ਦਾ ਸਾਥ ਦਿੱਤਾ ਹੈ। ਹੁਣ ਭਾਰਤ ਦੇ ਫੈਸਲੇ ‘ਤੇ ਸੰਯੁਕਤ ਰਾਸ਼ਟਰ ਸੁਰੱਖਿਆ ਸਭਾ ‘ਚ ਚਰਚਾ ਹੋਣ ਦੀ ਸੰਭਾਵਨਾ ਹੈ। ਯੂਐਨਐਸਸੀ ਦੀ ਪ੍ਰਧਾਨ ਜੋਆਨਾ ਰੋਨੇਕਾ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਵੱਲੋਂ ਜੰਮੂ-ਕਸ਼ਮੀਰ ਬਾਰੇ ਲਏ ਫੈਸਲੇ ਤੋਂ ਬਾਅਦ ਚੀਨ ਨੇ ਇਸ ਸੈਸ਼ਨ ਨੂੰ ਕਰਵਾਉਣ ਦੀ ਅਪੀਲ ਕੀਤੀ ਸੀ। ਚੀਨ ਸਭਾ ਦਾ ਸਥਾਈ ਮੈਂਬਰ ਹੈ। ਉਧਰ, ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਸੂਤਰਾਂ ਮੁਤਾਬਕ, ਯੂਐਨਐਸਸੀ ਦੀ ਬੈਠਕ ਸ਼ੁੱਕਰਵਾਰ ਨੂੰ ਹੋਵੇਗੀ।


ਰੋਨੇਕਾ ਨੇ ਦੱਸਿਆ ਕਿ ਇਹ ਸੈਸ਼ਨ ਸ਼ੁੱਕਰਵਾਰ 16 ਅਗਸਤ ਨੂੰ ਹੋ ਸਕਦਾ ਹੈ। ਇਸ ਤੋਂ ਪਹਿਲਾਂ ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਭਾਰਤ ਦੇ ਕਸ਼ਮੀਰ ਨੂੰ ਲੈ ਕੇ ਲਏ ਫੈਸਲੇ ‘ਤੇ ਤੁਰੰਤ ਮੀਟਿੰਗ ਕਰਨ ਦੀ ਅਪੀਲ ਕੀਤੀ ਸੀ। ਚੀਨ ਨੇ ਪਾਕਿ ਦਾ ਸਾਥ ਦਿੰਦੇ ਹੋਏ ਇਸ ਫੈਸਲੇ ‘ਤੇ ਗੁਪਤ ਮੀਟਿੰਗ ਦੀ ਗੱਲ ਕੀਤੀ ਸੀ।

ਪਾਕਿਸਤਾਨ ਨੇ ਕਸ਼ਮੀਰ ਮੁੱਦੇ ਨੂੰ ਅੰਤਰਾਸ਼ਟਰੀ ਮੰਚਾਂ ‘ਤੇ ਚੁੱਕਣ ਦੀ ਲਗਾਤਾਰ ਕੋਸ਼ਿਸ਼ ਕੀਤੀ ਹੈ। ਉਹ ਇਸ ਮਾਮਲੇ ‘ਚ ਵਿਸ਼ਵ ਸਮੂਹ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਪਾਕਿਸਤਾਨ ਨੇ ਇਲਜ਼ਾਮ ਲਾਇਆ ਹੈ ਕਿ ਭਾਰਤ ਦਾ ਧਾਰਾ 370 ਨੂੰ ਹਟਾਉਣਾ ਅੰਤਰਾਸ਼ਟਰੀ ਸੁਰੱਖਿਆ ਲਈ ਖ਼ਤਰੇ ਨੂੰ ਪੈਦਾ ਕਰ ਸਕਦਾ ਹੈ। ਉਧਰ, ਭਾਰਤ ਦਾ ਕਹਿਣਾ ਹੈ ਕਿ ਇਹ ਉਸ ਦਾ ਅੰਦਰੂਨੀ ਮਸਲਾ ਹੈ। ਉਸ ਨੇ ਐਲਓਸੀ ਦਾ ਉਲੰਘਣਾ ਨਹੀਂ ਕੀਤੀ ਹੈ।