ਮੁਜ਼ੱਫ਼ਰਾਬਾਦ: ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਪਾਕਿਸਤਾਨ ਸ਼ਰੇਆਮ ਭਾਰਤ ਨੂੰ ਵੰਗਾਰਣ ਲੱਗਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਨੂੰ ‘ਰਣਨੀਤਕ ਭੁੱਲ’ ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਧਮਕੀ ਭਰੇ ਲਹਿਜ਼ੇ ਵਿੱਚ ਕਿਹਾ ਹੈ ਕਿ ਇਸ ਦਾ ਭਾਰਤ ਨੂੰ ‘ਵੱਡਾ ਮੁੱਲ’ ਤਾਰਨਾ ਪਏਗਾ। ਖ਼ਾਨ ਨੇ ਇਹ ਤਿੱਖੀ ਬਿਆਨਬਾਜ਼ੀ ਮੁਜ਼ੱਫ਼ਰਾਬਾਦ ’ਚ ਮਕਬੂਜ਼ਾ ਕਸ਼ਮੀਰ ਦੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰਦਿਆਂ ਕੀਤੀ। ਅਹਿਮ ਗੱਲ਼ ਹੈ ਕਿ ਪਾਕਿਸਤਾਨ ਨੇ ਆਪਣਾ ਆਜ਼ਾਦੀ ਦਿਹਾੜਾ ‘ਕਸ਼ਮੀਰੀਆਂ ਨਾਲ ਇਕਜੁੱਟਤਾ ਪ੍ਰਗਟਾ ਕੇ’ ਮਨਾਇਆ ਹੈ।


ਇਸ ਮੌਕੇ ਇਮਰਾਨ ਨੇ ਕਿਹਾ ਕਿ ਮੋਦੀ ਤੇ ਬੀਜੇਪੀ ਸਰਕਾਰ ਨੂੰ ਇਸ ਫ਼ੈਸਲੇ ਦੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਗਿਣਤੀ-ਮਿਣਤੀ ਸਹੀ ਨਹੀਂ ਰੱਖ ਸਕੇ ਤੇ ਆਖ਼ਰੀ ਪੱਤਾ ਖੇਡ ਗਏ ਹਨ। ਕਸ਼ਮੀਰ ਮਸਲੇ ਨੂੰ ਆਲਮੀ ਮੰਚ ’ਤੇ ਉਠਾਉਣ ਦਾ ਅਹਿਦ ਦੁਹਰਾਉਂਦਿਆਂ ਇਮਰਾਨ ਨੇ ਕਿਹਾ ਕਿ ‘ਉਹ ਕਸ਼ਮੀਰ ਦੀ ਆਵਾਜ਼ ਤੇ ਇਸ ਦਾ ਨੁਮਾਇੰਦਾ ਬਣਨਗੇ’।

ਉਨ੍ਹਾਂ ਕਿਹਾ ਕਿ ‘ਕਬਜ਼ੇ ਵਾਲੇ ਕਸ਼ਮੀਰ ਵਿੱਚ ਮਨੁੱਖੀ ਹੱਕਾਂ ਦੇ ਘਾਣ’ ਵੱਲ ਵਿਸ਼ਵ ਭਰ ਦੇ ਆਗੂਆਂ ਦਾ ਧਿਆਨ ਖਿੱਚਣਾ ਚੁਣੌਤੀਪੂਰਨ ਸੀ ਪਰ ਹੁਣ ਪੂਰੇ ਸੰਸਾਰ ਦੇ ਮੀਡੀਆ ਦੀ ਨਜ਼ਰ ਇਸ ’ਤੇ ਹੈ। ਇਮਰਾਨ ਨੇ ਕਿਹਾ ਕਿ ਮੋਦੀ ਨੇ ਹੋਰ ਜ਼ਿਆਦਾ ਪਾਬੰਦੀਆਂ ਲਾ ਕੇ ਮਸਲੇ ਨੂੰ ਕੌਮਾਂਤਰੀ ਬਣਾ ਦਿੱਤਾ ਹੈ। ਭਾਰਤ ਦੇ ਆਜ਼ਾਦੀ ਦਿਹਾੜੇ ਨੂੰ ਭਲਕੇ ਪਾਕਿਸਤਾਨ ‘ਕਾਲੇ ਦਿਨ’ ਵਜੋਂ ਮਨਾਏਗਾ।