ਲਖਨਊ: ਅਦਾਲਤ ਤੋਂ ਬਾਹਰ ਆਪਸੀ ਸਹਿਮਤੀ ਨਾਲ ਅਯੋਧਿਆ 'ਚ ਰਾਮ ਮੰਦਰ ਬਣਾਉਣ ਦੀ ਮੁਹਿੰਮ ਨੂੰ ਅੱਗੇ ਵਧਾਉਣ ਲਈ ਆਰਟ ਆਫ ਲੀਵਿੰਗ ਸੰਸਥਾ ਦੇ ਪ੍ਰਧਾਨ ਸ਼੍ਰੀ ਸ਼੍ਰੀ ਰਵੀਸ਼ੰਕਰ, ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਆਦਿਤਯਨਾਥ ਨੂੰ ਮਿਲਣ ਉਨ੍ਹਾਂ ਦੇ ਘਰ ਪੁੱਜੇ। ਦੋਹਾਂ ਦਰਮਿਆਨ ਅੱਧਾ ਘੰਟਾ ਗੱਲਬਾਤ ਹੋਈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਗੋਸਾਈਗੰਜ ਇਲਾਕੇ 'ਚ ਆਪਣੇ ਭਗਤਾਂ ਨਾਲ ਮੁਲਾਕਾਤ ਕੀਤੀ ਸੀ।
ਕੱਲ੍ਹ ਰਵੀਸ਼ੰਕਰ ਅਯੋਧਿਆ ਜਾਣਗੇ ਤੇ ਉੱਥੇ ਸੰਤਾਂ ਨਾਲ ਮੁਲਾਕਾਤ ਕਰਨਗੇ। ਰਵੀਸ਼ੰਕਰ ਦੀ ਇਸ ਮੁਹਿੰਮ ਨਾਲ ਅਯੋਧਿਆ ਨਾਲ ਜੁੜੇ ਕਈ ਲੋਕ ਸਹਿਮਤ ਨਹੀਂ ਹਨ। ਸਿਰਫ ਤਿੰਨ ਪੱਖਾਂ ਨਾਲ ਬੈਠਕ ਹੋਵੇ ਤਾਂ ਸੁੰਨੀ ਸੈਂਟਰਲ ਵਕਫ ਬੋਰਡ ਦੇ ਚੇਅਰਮੈਨ ਜਫਰ ਫਾਰੂਕੀ ਦਾ ਕਹਿਣਾ ਹੈ ਕਿ ਅਯੋਧਿਆ ਵਿਵਾਦ 'ਚ ਸਿਰਫ ਤਿੰਨ ਹੀ ਧਿਰਾਂ ਹਨ। ਸੁੰਨੀ ਵਕਫ ਬੋਰਡ, ਨਿਰਮੋਹੀ ਅਖਾੜਾ ਤੇ ਭਗਵਾਨ ਸ਼੍ਰੀਰਾਮ ਬਿਰਾਜਮਾਨ ਹਨ।
ਸ਼੍ਰੀ ਸ਼੍ਰੀ ਰਵੀਸ਼ੰਕਰ ਲਖਨਊ ਦੌਰੇ ਦੌਰਾਨ ਜੇਕਰ ਤਿੰਨੋਂ ਧਿਰਾਂ ਨਾਲ ਮਿਲਦੇ ਹਨ ਤਾਂ ਹੀ ਉਸ ਬੈਠਕ 'ਚ ਸੁੰਨੀ ਵਕਫ ਬੋਰਡ ਸ਼ਾਮਲ ਹੋ ਸਕਦਾ ਹੈ। ਸ਼ੀਆ ਵਕਫ ਬੋਰਡ ਤਾਂ ਇਸ ਮਾਮਲੇ 'ਚ ਜ਼ਬਰਦਸਤੀ ਸ਼ਾਮਲ ਹੋ ਰਿਹਾ ਹੈ। ਸ਼੍ਰੀ ਸ਼੍ਰੀ ਦੀਆਂ ਕੋਸ਼ਿਸ਼ਾਂ ਸਦਕਾ ਜੇਕਰ ਗੱਲਬਾਤ ਨਾਲ ਮਸਲੇ ਦਾ ਹੱਲ ਹੋ ਜਾਵੇ ਤਾਂ ਇਹ ਚੰਗੀ ਗੱਲ ਹੋਵੇਗੀ। ਨਿਰਮੋਹੀ ਅਖਾੜੇ ਦੇ ਵਕੀਲ ਰੰਜੀਤ ਲਾਲ ਵਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼੍ਰੀ ਸ਼੍ਰੀ ਵੱਲੋਂ ਗੱਲਬਾਤ ਲਈ ਕੋਈ ਸੱਦਾ ਨਹੀਂ ਆਇਆ। ਉਹ ਅਯੋਧਿਆ 'ਚ ਨਿਰਮੋਹੀ ਅਖਾੜੇ ਜਾਣਗੇ।
ਬਾਬਰੀ ਮਸਜਿਦ ਐਕਸ਼ਨ ਕਮੇਟੀ ਦੇ ਕਨਵੀਨਰ ਐਡਵੋਕੇਟ ਜ਼ਫਰਯਾਬ ਜਿਲਾਨੀ ਦਾ ਕਹਿਣਾ ਹੈ ਕਿ ਸ਼੍ਰੀ ਸ਼੍ਰੀ ਰਵੀਸ਼ੰਕਰ ਦੇ ਨੁਮਾਇੰਦੇ ਕੁਝ ਦਿਨ ਪਹਿਲਾਂ ਸਾਨੂੰ ਮਿਲਣ ਆਏ ਸਨ। ਅਸੀਂ ਉਨ੍ਹਾਂ ਨੂੰ ਕਿਹਾ ਸੀ ਕਿ ਤੁਹਾਡਾ ਸੁਆਗਤ ਹੈ ਪਰ ਅਯੋਧਿਆ ਮਾਮਲੇ 'ਚ ਸਾਡੇ ਨਾਲ ਗੱਲਬਾਤ ਕਰਨ ਦਾ ਕੋਈ ਫਾਇਦਾ ਨਹੀਂ। ਅਸੀਂ ਉਨ੍ਹਾਂ ਦੀਆਂ ਦਲੀਲਾਂ ਨਾਲ ਸਹਿਮਤ ਨਹੀਂ।