Sri Lanka Crisis: ਸ਼੍ਰੀਲੰਕਾ ਵਿੱਚ ਆਰਥਿਕ ਅਤੇ ਰਾਜਨੀਤਿਕ ਸੰਕਟ ਵਿਚਾਲੇ, ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇਸ਼ ਛੱਡ ਕੇ ਭੱਜ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨੂੰ ਲੈ ਕੇ ਸਾਊਦੀ ਏਅਰਲਾਈਨਜ਼ ਦਾ ਜਹਾਜ਼ ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ 'ਤੇ ਪਹੁੰਚਿਆ ਹੈ। ਸਿੰਗਾਪੁਰ ਸਰਕਾਰ ਵੱਲੋਂ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇ ਸਿੰਗਾਪੁਰ ਪਹੁੰਚਣ ਨੂੰ ਲੈ ਕੇ ਬਿਆਨ ਜਾਰੀ ਕੀਤਾ ਗਿਆ ਹੈ।
ਸਿੰਗਾਪੁਰ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨਿੱਜੀ ਦੌਰੇ 'ਤੇ ਇੱਥੇ ਦਾਖਲ ਹੋਏ ਹਨ। ਉਹਨਾਂ ਨੇ ਸ਼ਰਣ ਨਹੀਂ ਮੰਗੀ ਅਤੇ ਨਾ ਹੀ ਉਹਨਾਂ ਨੂੰ ਸ਼ਰਣ ਦਿੱਤੀ ਗਈ ਹੈ। ਸਿੰਗਾਪੁਰ ਆਮ ਤੌਰ 'ਤੇ ਸ਼ਰਣ ਨਹੀਂ ਦਿੰਦਾ ਹੈ। ਇਸ ਤੋਂ ਪਹਿਲਾਂ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੂੰ ਲੈ ਕੇ ਜਹਾਜ਼ ਮਾਲਦੀਵ ਪਹੁੰਚਿਆ ਸੀ। ਮਾਲਦੀਵ ਵਿੱਚ ਕੁਝ ਦੇਰ ਰੁਕਣ ਤੋਂ ਬਾਅਦ ਉਨ੍ਹਾਂ ਦਾ ਜਹਾਜ਼ ਸਿੰਗਾਪੁਰ ਲਈ ਰਵਾਨਾ ਹੋਇਆ।
ਭਾਰਤੀ ਹਾਈ ਕਮਿਸ਼ਨ ਨੇ ਭਾਰਤ ਦੀ ਦਖਲਅੰਦਾਜ਼ੀ ਦੀਆਂ ਰਿਪੋਰਟਾਂ ਦਾ ਕੀਤਾ ਖੰਡਨ
ਇਸ ਦੇ ਨਾਲ ਹੀ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇ ਦੇਸ਼ ਛੱਡਣ ਵਿਚ ਭਾਰਤ ਸਰਕਾਰ ਦੀ ਦਖਲਅੰਦਾਜ਼ੀ ਦੀਆਂ ਖਬਰਾਂ ਵੀ ਆਈਆਂ ਸਨ ਪਰ ਮਾਲਦੀਵ ਵਿਚ ਭਾਰਤੀ ਹਾਈ ਕਮਿਸ਼ਨ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ। ਮਾਲਦੀਵ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਹਾਈ ਕਮਿਸ਼ਨ ਉਨ੍ਹਾਂ ਬੇਬੁਨਿਆਦ ਰਿਪੋਰਟਾਂ ਦਾ ਖੰਡਨ ਕਰਦਾ ਹੈ ਕਿ ਭਾਰਤ ਸਰਕਾਰ ਨੇ ਮਾਲਦੀਵ ਰਾਹੀਂ ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੂੰ ਕਥਿਤ ਤੌਰ 'ਤੇ ਬਾਹਰ ਕਰਨ ਦੀ ਸਹੂਲਤ ਦਿੱਤੀ ਸੀ। ਇਹ ਰਿਪੋਰਟਾਂ ਬੇਬੁਨਿਆਦ ਹਨ।
ਸ਼੍ਰੀਲੰਕਾ ਵਿੱਚ ਹਾਲਾਤ ਵਿਗੜ ਰਹੇ ਹਨ
ਦੱਸ ਦੇਈਏ ਕਿ ਆਰਥਿਕ ਸੰਕਟ ਤੋਂ ਗੁਜ਼ਰ ਰਹੇ ਸ਼੍ਰੀਲੰਕਾ ‘ਚ ਲੋਕ ਦੇਸ਼ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਸੜਕਾਂ ‘ਤੇ ਉਤਰ ਆਏ ਹਨ। ਪ੍ਰਦਰਸ਼ਨਕਾਰੀਆਂ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਭਵਨ 'ਤੇ ਕਬਜ਼ਾ ਕਰ ਲਿਆ। ਦੇਸ਼ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਅਤੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਦੋਵਾਂ ਨੇ ਆਪਣੇ ਅਸਤੀਫ਼ਿਆਂ ਦਾ ਐਲਾਨ ਕਰ ਦਿੱਤਾ ਹੈ। ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ 13 ਜੁਲਾਈ ਨੂੰ ਕਿਹਾ ਸੀ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ, ਪਰ ਅਜੇ ਤੱਕ ਰਸਮੀ ਐਲਾਨ ਨਹੀਂ ਕੀਤਾ ਹੈ। ਭੜਕੇ ਹੋਏ ਪ੍ਰਦਰਸ਼ਨ ਦੇ ਮੱਦੇਨਜ਼ਰ ਦੇਸ਼ ਦੇ ਰਾਸ਼ਟਰਪਤੀ ਰਾਜਪਕਸ਼ੇ ਵੀ ਦੇਸ਼ ਛੱਡ ਕੇ ਚਲੇ ਗਏ ਹਨ। ਹੁਣ ਦੇਸ਼ ਤੋਂ ਭੱਜਣ ਤੋਂ ਬਾਅਦ ਉਨ੍ਹਾਂ ਦੇ ਅਸਤੀਫੇ 'ਤੇ ਸਵਾਲ ਖੜ੍ਹੇ ਹੋ ਰਹੇ ਹਨ।