ਚੰਡੀਗੜ੍ਹ: ਹਰਿਆਣਾ ਦੇ ਫਤਿਹਾਬਾਦ ਵਿੱਚ ਇੱਕ ਦੋ ਸਕੂਲੀ ਵਿਦਿਆਰਥੀਆਂ ਵਿਚਾਲੇ ਖ਼ੂਨੀ ਝੜਪ ਹੋ ਗਈ। ਇੱਥੇ 10ਵੀਂ ਜਮਾਤ ਵਿੱਚ ਪੜ੍ਹਦੇ ਇੱਕ ਵਿਦਿਆਰਥੀ ਨੇ ਆਪਣੇ ਤੋਂ ਸੀਨੀਅਰ 12ਵੀਂ ਦੇ ਵਿਦਿਆਰਥੀ ਅੰਕੁਸ਼ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਸਕੂਲ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਝਗੜੇ ਦੀ ਵਜ੍ਹਾ ਬਾਰੇ ਫਿਲਹਾਲ ਕੁਝ ਪਤਾ ਨਹੀਂ ਲੱਗਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮਾਮਲਾ ਫਤਿਹਾਬਾਦ ਦੇ ਪਿੰਡ ਜਾਂਡਲੀਕਲਾਂ ਦਾ ਹੈ। ਦਰਅਸਲ ਸਰਕਾਰੀ ਸਕੂਲ ਵਿੱਚ 10ਵੀਂ ਤੇ 12ਵੀਂ ਜਮਾਤ ਦੇ ਦੋ ਵਿਦਿਆਰਥੀਆਂ ਦੀ ਆਪਸ ਵਿੱਚ ਝੜਪ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਮਾਮੂਲੀ ਤਕਰਾਰ ਵੱਡੀ ਝੜਪ ’ਚ ਬਦਲ ਗਈ ਤੇ ਗੁੱਸੇ ਵਿੱਚ ਆਏ 10ਵੀਂ ਦੇ ਵਿਦਿਆਰਥੀ ਨੇ ਅੰਕੁਸ਼ ਦਾ ਕਤਲ ਹੀ ਕਰ ਦਿੱਤਾ।
ਘਟਨਾ ਪਿੱਛੋਂ ਗੰਭੀਰ ਜ਼ਖ਼ਮੀ ਅੰਕੁਸ਼ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸ ਨੂੰ ਅਗਰੋਹਾ ਰੈਫਰ ਕਰ ਦਿੱਤਾ ਗਿਆ। ਅਗਰੋਹਾ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਭੂਨਾ ਦੇ ਡੀਐਸਪੀ ਮੌਕੇ ’ਤੇ ਪਹੁੰਚੇ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।