ਚੇਨੱਈ: ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨ ਵਾਲੀ ਇਕ ਵਿਦਿਆਰਥਣ ਨੂੰ ਤਾਮਿਲਨਾਡੂ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਵਿਦਿਆਰਥਣ ਦੀ ਗ੍ਰਿਫਤਾਰੀ ਤੋਂ ਬਾਅਦ ਵਿਰੋਧੀ ਧਿਰਾਂ ਨੇ ਉਸਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਇਹ ਗ੍ਰਿਫਤਾਰੀ ਲੋਕਤੰਤਰ ਤੇ ਆਜ਼ਾਦੀ ਦੇ ਖਿਲਾਫ ਹੈ।
ਦਰਅਸਲ ਵਿਦਿਆਰਥਣ ਨੇ ਤਾਮਿਲਨਾਡੂ ਦੀ ਬੀਜੇਪੀ ਪ੍ਰਧਾਨ ਸੁੰਦਰਰਾਜਨ ਦੀ ਹਾਜ਼ਰੀ 'ਚ ਜਹਾਜ਼ 'ਚ ਫਾਸਿਸਟ ਮੋਦੀ ਸਰਕਾਰ ਖਿਲਾਫ ਨਾਅਰੇ ਲਾਏ ਸਨ। ਕੈਨੇਡਾ 'ਚ ਰਿਸਰਚ ਕਰ ਰਹੀ ਸੋਫੀਆ ਨਾਂਅ ਦੀ 25 ਸਾਲਾ ਵਿਦਿਆਰਥਣ ਆਪਣੇ ਘਰ ਵਾਪਸ ਆ ਰਹੀ ਸੀ ਤੇ ਸੁੰਦਰਰਾਜਨ ਦੀ ਸੀਟ ਦੇ ਪਿੱਛੇ ਬੈਠੀ ਸੀ। ਉਹ ਆਪਣੀ ਸੀਟ ਤੋਂ ਉੱਠੀ ਤੇ ਬੀਜੇਪੀ ਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨ ਲੱਗੀ।
ਜਹਾਜ਼ 'ਚੋਂ ਉੱਤਰਣ ਤੋਂ ਬਾਅਦ ਬੀਜੇਪੀ ਨੇਤਾ ਨੇ ਵਿਦਿਆਰਥਣ ਨਾਲ ਬਹਿਸ ਕੀਤੀ। ਉਨ੍ਹਾਂ ਪੁਲਿਸ 'ਚ ਮਾਮਲਾ ਦਰਜ ਕਰਾਇਆ ਜਿਸ ਤੋਂ ਬਾਅਦ ਵਿਦਿਆਰਥਣ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੁੰਦਰਾਰਜਨ ਨੇ ਕਿਹਾ ਕਿ ਜਿਸ ਤਰ੍ਹਾਂ ਉਹ ਪ੍ਰਦਰਸ਼ਣ ਕਰ ਰਹੀ ਸੀ ਉਹ ਕੋਈ ਆਮ ਇਨਸਾਨ ਨਹੀਂ। ਉਸਦੇ ਪਿੱਛੇ ਜ਼ਰੂਰ ਕਿਸੇ ਸੰਗਠਨ ਦਾ ਹੱਥ ਹੈ ਤੇ ਇਸਦੀ ਜਾਂਚ ਹੋਣੀ ਚਾਹੀਦੀ ਹੈ।
ਪੁਲਿਸ ਦੀ ਕਾਰਵਾਈ ਦੀ ਤਾਮਿਲਨਾਡੂ ਦੀ ਮੁੱਖ ਵਿਰੋਧੀ ਪਾਰਟੀ ਡੀਐਮਕੇ, ਪੀਐਮਕੇ ਤੇ ਹੋਰ ਦਲਾਂ ਨੇ ਨਿੰਦਾ ਕੀਤੀ ਤੇ ਵਿਦਿਆਰਥਣ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ।