ਨਵੀਂ ਦਿੱਲੀ: ਰਾਜਧਾਨੀ ਦੇ ਨੰਗਲੋਈ ਇਲਾਕੇ ਦੇ ਸਰਕਾਰੀ ਸਕੂਲ ਵਿੱਚ ਚਾਕੂ ਮਾਰ ਕੇ ਅਧਿਆਪਕ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੇ 12ਵੀਂ ਦੇ ਦੋ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਘੱਟ ਹਾਜ਼ਰੀ ਦੇ ਚੱਲਦੇ ਵਿਦਿਆਰਥੀ ਨੂੰ ਪੇਪਰ ਵਿੱਚ ਬੈਠਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸੋਮਵਾਰ ਸ਼ਾਮ ਨੂੰ ਮੁਲਜ਼ਮ ਵਿਦਿਆਰਥੀ ਕਲਾਸ ਰੂਮ ਵਿੱਚ ਪਹੁੰਚੇ ਤੇ ਚਾਕੂ ਨਾਲ ਅਧਿਆਪਕ 'ਤੇ ਕਈ ਤਾਬੜਤੋੜ ਵਾਰ ਕੀਤੇ। ਟੀਚਰ ਮੁਕੇਸ਼ ਕੁਮਾਰ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ। ਮੀਡੀਆ ਰਿਪੋਰਟ ਮੁਤਾਬਕ, ਦੂਜੀ ਸ਼ਿਫਟ ਦੇ ਪੇਪਰ ਕਰਵਾਉਣ ਤੋਂ ਬਾਅਦ ਮੁਕੇਸ਼ ਕਮਰਾ ਨੰਬਰ 108 ਵਿੱਚ ਕਾਪੀਆਂ ਇਕੱਠੀਆਂ ਕਰ ਰਿਹਾ ਸੀ। ਉਸ ਵੇਲੇ ਕੁਝ ਮੁੰਡੇ ਕਲਾਸ ਵਿੱਚ ਪਹੁੰਚੇ ਤੇ ਮੁਕੇਸ਼ ਦੇ ਨਾਲ ਉਨ੍ਹਾਂ ਦੀ ਬਹਿਸ ਹੋ ਗਈ। ਇੱਕ ਮੁੰਡੇ ਨੇ ਮੁਕੇਸ਼ ਨੂੰ ਮੁੱਕਾ ਮਾਰਿਆ ਤੇ ਦੂਜੇ ਨੇ ਟੀਚਰ 'ਤੇ ਚਾਕੂ ਨਾਲ ਕਈ ਵਾਰ ਕੀਤੇ। ਇਸ ਹਮਲੇ ਵਿੱਚ ਮੁਕੇਸ਼ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਜ਼ਮੀਨ 'ਤੇ ਡਿੱਗ ਪਿਆ ਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਮੁਕੇਸ਼ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ। ਅਧਿਆਪਕ ਨੇ ਘੱਟ ਹਾਜ਼ਰੀ ਤੇ ਸ਼ਰਾਰਤਾਂ ਦੀ ਸ਼ਿਕਾਇਤ ਵਿਦਿਆਰਥੀ ਦੇ ਪਰਿਵਾਰ ਨੂੰ ਕੀਤੀ ਸੀ।   ਸਕੂਲ ਵਿੱਚ ਸਰੇਆਮ ਮੁਕੇਸ਼ ਦੀ ਹੱਤਿਆ ਨੂੰ ਲੈ ਕੇ ਨੰਗਲੋਈ ਦੇ 1500 ਅਧਿਆਪਕ ਹੜਤਾਲ 'ਤੇ ਹਨ। ਮੰਗਲਵਾਰ ਨੂੰ ਨੰਗਲੋਈ ਵਿੱਚ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੇ ਦਿੱਲੀ-ਅੰਮ੍ਰਿਤਸਰ ਹਾਈਵੇ 'ਤੇ ਜਾਮ ਲਾ ਦਿੱਤਾ। ਮੁਕੇਸ਼ ਨੂੰ ਵੇਖਣ ਹਸਪਤਾਲ ਪਹੁੰਚੇ ਮਨੀਸ਼ ਸਿਸੋਦੀਆ ਨੂੰ ਘੇਰ ਕੇ ਰਾਤ ਅਧਿਆਪਕਾਂ ਨੇ ਨਾਅਰੇਬਾਜ਼ੀ ਕੀਤੀ।