ਚੰਡੀਗੜ੍ਹ: ਜਿੱਥੇ ਕਰਤਾਰਪੁਰ ਲਾਂਘੇ 'ਤੇ ਪ੍ਰਧਾਨ ਮੰਤਰੀ ਸਮੇਤ ਪੂਰਾ ਦੇਸ਼ ਖ਼ੁਸ਼ ਹੈ, ਉੱਥੇ ਭਾਜਪਾ ਦੇ ਰਾਜ ਸਭਾ ਮੈਂਬਰ ਇਸ ਗਲਿਆਰੇ ਦੇ ਵਿਰੁੱਧ ਹਨ। ਐਮਪੀ ਸੁਬਰਾਮਣੀਅਨ ਸਵਾਮੀ ਨੇ ਕਰਤਾਰਪੁਰ ਸਾਹਿਬ ਗਲਿਆਰੇ ਨੂੰ ਖ਼ਤਰਨਾਕ ਕਦਮ ਦੱਸਿਆ ਤੇ ਕਿਹਾ ਕਿ ਇਸ ਦੀ ਦੁਰਵਰਤੋਂ ਹੋ ਸਕਦੀ ਹੈ।ਪੀਐਮ ਮੋਦੀ ਵੀ ਇਸ ਲਾਂਘੇ ਨੂੰ ਭਾਰਤ-ਪਾਕਿ ਦਰਮਿਆਨ ਅਮਨ-ਸ਼ਾਂਤੀ ਦੇ ਪੁਲ ਵਜੋਂ ਦੇਖਦੇ ਹਨ ਪਰ ਆਪਣੀਆਂ ਵਿਵਾਦਿਤ ਟਿੱਪਣੀਆਂ ਲਈ ਮਸ਼ਹੂਰ ਇਸ ਬੀਜੇਪੀ ਨੇਤਾ ਨੂੰ ਇਸ ਨੇਕ ਕਦਮ ਵਿੱਚੋਂ ਵੀ ਗੜਬੜੀ ਬਦਬੋ ਆਉਂਦੀ ਹੈ।


ਖ਼ਬਰ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਸਵਾਮੀ ਨੇ ਕਿਹਾ ਕਿ ਪਾਕਿਸਤਾਨ ਨਾਲ ਕਰਤਾਰਪੁਰ ਸਾਹਿਬ ਲਈ ਲਾਂਘਾ ਬਣਾਉਣਾ ਭਾਰਤ ਲਈ ਖ਼ਤਰਨਾਕ ਕਦਮ ਸਾਬਤ ਹੋ ਸਕਦਾ ਹੈ। ਵੈਸੇ ਇਸ ਲਾਂਘੇ ਰਾਹੀਂ ਸ਼ਰਧਾਲੂ ਬਗ਼ੈਰ ਪਾਸਪੋਰਟ ਤੋਂ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਜਾ ਸਕਣਗੇ ਪਰ ਸਵਾਮੀ ਨੇ ਕਿਹਾ ਕਿ ਇਸ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਜਾਣ ਲਈ ਜੇਕਰ ਪਾਸਪੋਰਟ ਲਾਜ਼ਮੀ ਕੀਤਾ ਜਾਵੇ ਤਾਂ ਉਹ ਕਾਫੀ ਨਹੀਂ ਹੋਵੇਗਾ।

ਇਹ ਵੀ ਪੜ੍ਹੋ: ਕਰਤਾਰਪੁਰ ਗਲਿਆਰੇ ਬਾਰੇ ਮੋਦੀ ਦੇ ਮਾਖਿਓਂ ਮਿੱਠੇ ਬੋਲ..!

ਉਨ੍ਹਾਂ ਤਾਂ ਪਾਸਪੋਰਟ ਜਾਰੀ ਕਰਨ ਵਾਲੇ ਦੇਸ਼ ਦੇ ਵਿਦੇਸ਼ ਮੰਤਰਾਲੇ 'ਤੇ ਹੀ ਸਵਾਲ ਚੁੱਕ ਦਿੱਤੇ ਕਿ ਇਹ ਤਾਂ ਚਾਂਦਨੀ ਚੌਕ ਤੋਂ ਢਾਈ-ਢਾਈ ਸੌ ਰੁਪਏ ਦਾ ਮਿਲ ਜਾਂਦਾ ਹੈ। ਸਵਾਮੀ ਨੇ ਆਪਣੀ ਸਲਾਹ ਦਿੰਦਿਆਂ ਕਿਹਾ ਕਿ ਪਾਕਿਸਤਾਨ ਜਾਣ ਲਈ ਲੋਕਾਂ ਨੂੰ ਘੱਟੋ-ਘੱਟ ਛੇ ਮਹੀਨੇ ਪਹਿਲਾਂ ਰਜਿਸਟਰ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਪਾਕਿਸਤਾਨੀਆਂ ਨੂੰ ਇਸ ਲਾਂਘੇ ਰਾਹੀਂ ਭਾਰਤ ਵਿੱਚ ਦਾਖ਼ਲ ਨਹੀਂ ਹੋਣ ਦੇਣਾ ਚਾਹੀਦਾ।