ਚੰਡੀਗੜ੍ਹ: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿੰਘੂ ਤੇ ਗਾਜ਼ੀਪੁਰ ਬਾਰਡਰਾਂ ’ਤੇ ਹਿੰਸਾ ਭੜਕਾਉਣ ਲਈ ਬੀਜੇਪੀ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਭਾਜਪਾ ਵਰਕਰਾਂ ਨੁੰ ਹਿੰਸਾ ’ਤੇ ਉਤਾਰੂ ਹੋਣ ਤੋਂ ਰੋਕਿਆ ਜਾਵੇ। ਸੁਖਬੀਰ ਨੇ ਪੁੱਛਿਆ ਕਿ ਕੀ ਕੇਂਦਰ ਸਰਕਾਰ ਹਿੰਸਾ ਤੇ ਫਿਰਕੂ ਟਕਰਾਅ ਚਾਹੁੰਦੀ ਹੈ ?


ਦਿੱਲੀ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਬੀਜੇਪੀ ਜਾਣ ਬੁੱਝ ਕੇ ਧਰਨਿਆਂ ਵਾਲੀ ਥਾਂ ’ਤੇ ਟਕਰਾਅ ਦਾ ਮਾਹੌਲ ਪੈਦਾ ਕਰ ਰਹੀ ਹੈ ਤੇ ਇਸ ਵਾਸਤੇ ਪੁਲਿਸ ਸੁਰੱਖਿਆ ਹੇਠ ਆਪਣੇ ਕੇਡਰਾਂ ਨੂੰ ਧਰਨਿਆਂ ਵਾਲੀ ਥਾਂ ਲਿਜਾ ਰਹੀ ਹੈ ਜੋ ਸ਼ਾਂਤੀਪੂਰਨ ਢੰਗ ਨਾਲ ਇਕੱਤਰ ਹੋਏ ਕਿਸਾਨਾਂ ’ਤੇ ਪਥਰਾਅ ਕਰ ਰਹੇ ਹਨ।


ਉਨ੍ਹਾਂ ਕਿਹਾ ਕਿ ਬੀਜੇਪੀ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਸਥਾਨਕ ਲੋਕ ਧਰਨਿਆਂ ਦੇ ਖਿਲਾਫ ਹਨ ਤੇ ਬੀਜੇਪੀ ਦੇ ਯਤਨ ਕੌਮੀ ਹਿੱਤਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਜਿਸਦੇ ਨਤੀਜੇ ਵਜੋਂ ਹਿੰਸਾ ਹੋ ਸਕਦੀ ਹੈ ਤੇ ਦੇਸ਼ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਦਾ ਮਾਹੌਲ ਖਰਾਬ ਹੋ ਸਕਦਾ ਹੈ।


ਸੁਖਬੀਰ ਸਿੰਘ ਬਾਦਲ ਨੇ ਕੌਮੀ ਰਾਜਧਾਨੀ ਦੇ ਸੰਵੇਦਨਸ਼ੀਲ ਇਲਾਕਿਆਂ ਵਿਚ ਭਾਜਪਾ ਆਗੂਆਂ ਵੱਲੋਂ ਪੁੱਜ ਕੇ ‘ਦੇਸ਼ ਕੇ ਗੱਦਾਰੋ ਕੋ, ਗੋਲੀ ਮਾਰੋ ਸਾਲੋ ਕੋ’ ਵਰਗੇ ਭੜਕਾਊ ਨਾਅਰੇ ਲਾਉਣ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਭਾਜਪਾ ਵਰਕਰਾਂ ਨੂੰ ਅਜਿਹੀਆਂ ਕਾਰਵਾਈਆਂ ਨਾਲ ਹਿੰਸਾ ਭੜਕਾਉਣ ਤੋਂ ਰੋਕਿਆ ਜਾਵੇ।


ਅਕਾਲੀ ਦਲ ਦੇ ਪ੍ਰਧਾਨ ਨੇ ਸਾਰੀਆਂ ਪਾਰਟੀਆਂ ਨੂੰ ਇਸ ਨਵੇਂ ਖ਼ਤਰੇ ਦੇ ਮੱਦੇਨਜ਼ਰ ਇਕਜੁੱਟ ਹੋਣ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਹਰ ਕਿਸੇ ਦਾ ਹੈ, ਕਿਸੇ ਇਕ ਪਾਰਟੀ ਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਕਿਸੇ ਇਕ ਪਾਰਟੀ ਜਾਂ ਜਥੇਬੰਦੀ ਤੋਂ ਸਰਟੀਫਿਕੇਟ ਦੀ ਲੋੜ ਨਹੀਂ ਹੈ ਜਿਸ ਤੋਂ ਉਸਦੀ ਦੇਸ਼-ਭਗਤੀ ਸਾਬਤ ਹੁੰਦੀ ਹੋਵੇ।


ਬਾਦਲ ਨੇ ਸਪਸ਼ਟ ਕੀਤਾ ਕਿ ਚੱਲ ਰਿਹਾ ਕਿਸਾਨ ਅੰਦੋਲਨ ਸਾਰੇ ਦੇਸ਼ ਦਾ ਅੰਦੋਲਨ ਹੈ ਜਿਸ ਵਿਚ ਸਾਰੇ ਦੇਸ਼ ਦੇ ਹਿੱਸਿਆਂ ਤੋਂ ਕਿਸਾਨ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਕੇਂਦਰ ਸਰਕਾਰ ਇਸ ਅੰਦੋਲਨ ਨੂੰ ਇਕ ਫਿਰਕੇ ਨਾਲ ਜੋੜ ਰਹੀ ਹੈ ਤੇ ਤਾਨਾਸ਼ਾਹੀ ਤਰੀਕਿਆਂ ਨਾਲ ਇਸਨੂੰ ਲੀਹੋਂ ਲਾਹੁਣਾ ਚਾਹੁੰਦੀ ਹੈ।


ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ ਐਮਰਜੈਂਸੀ ਵੇਲੇ ਅਜਿਹੇ ਤਰੀਕਿਆਂ ਦੀ ਵਰਤੋਂ ਕੀਤੀ ਸੀ ਜਿਸ ਕਾਰਨ ਲੋਕਾਂ ਨੇ ਉਸ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੇ ਸਿਰ ਹੈ।


ਉਨ੍ਹਾਂ ਕਿਹਾ ਕਿ ਤੁਸੀਂ ਬੀਜੇਪੀ ਕੇਡਰ ਨੂੰ ਹਿੰਸਾ ਭੜਕਾਉਣ ਤੋਂ ਰੋਕੋ। ਉਹਨਾਂ ਪ੍ਰਧਾਨ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸ਼ਾਂਤੀ ਯਕੀਨੀ ਬਣਾਉਣ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਯੂਏਪੀਏ ਦੀ ਕਿਸਾਨਾਂ ਅਤੇ ਪੱਤਰਕਾਰਾਂ ਖਿਲਾਫ ਦੁਰਵਰਤੋਂ ਦੀ ਵੀ ਨਿਖੇਧੀ ਕੀਤੀ ਅਤੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਦ੍ਰਿਸ਼ ਨਾ ਵਿਖਾਵੇ ਜਿੰਨ੍ਹਾਂ ਵਿਚ ਸ਼ਾਂਤੀ ਭੰਗ ਕਰਨ ਤੇ ਫਿਰਕੂ ਹਿੰਸਾ ਉਤਸ਼ਾਹਤ ਕਰਨ ਦੀ ਸਮਰੱਥਾ ਹੋਵੇ।


ਉਨ੍ਹਾਂ ਇਹ ਵੀ ਕਿਹਾ ਕਿ ਸ਼ਾਂਤੀ ਤੇ ਫਿਰਕੂ ਸਦਭਾਵਨਾ ਅਕਾਲੀ ਦਲ ਦੇ ਫਲਸਫੇ ਦਾ ਧੁਰਾ ਹੈ ਤੇ ਸਿੱਖ ਭਾਈਚਾਰਾ ਵੀ ਗੁਰੂ ਸਾਹਿਬਾਨ ਵੱਲੋਂ ਦਰਸਾਏ ਅਨੁਸਾਰ ਸਰਬੱਤ ਦਾ ਭਲਾ ਚਾਹੁੰਦਾ ਹੈ। ਇਸ ਤੋਂ ਪਹਿਲਾਂ ਦਿਨ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਦੇ ਹੋਰ ਸੰਸਦ ਮੈਂਬਰਾਂ ਨਾਲ ਰਲ ਕੇ ਸੰਸਦ ਵਿਚ ਰਾਸ਼ਟਰਪਤੀ ਦੇ ਭਾਸ਼ਣ ਦਾ ਬਾਈਕਾਟ ਕੀਤਾ ਤੇ ਸੰਸਦ ਦੇ ਗੇਟਾਂ ’ਤੇ ਰੋਸ ਪ੍ਰਦਰਸ਼ਨ ਕਰਦਿਆਂ ਖੇਤੀ ਐਕਟ ਰੱਦ ਕਰਨ ਦੀ ਮੰਗ ਕੀਤੀ।


ਬਾਦਲ ਨੇ ਕਿਸਾਨ ਲੀਡਰ ਰਾਕੇਸ਼ ਟਿਕੈਤ ਨਾਲ ਵੀ ਗੱਲਬਾਤ ਕੀਤੀ ਤੇ ਉਨ੍ਹਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਵੱਲੋਂ ਧੱਕੇਨਾਲ ਗਾਜ਼ੀਪੁਰ ਤੋਂ ਧਰਨਾ ਖਤਮ ਕਰਵਾਉਣ ਦੇ ਯਤਨਾਂ ਦੀ ਨਿਖੇਧੀ ਕੀਤੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ