ਚੰਡੀਗੜ੍ਹ: ਪੰਜਾਬ ਵਿੱਚ ਵੋਟਾਂ ਦੇ ਚੱਲਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ 'ਫਰੈਂਡਲੀ ਮੈਚ' ਵਾਲਾ ਬਿਆਨ ਕਾਂਗਰਸ ਦੀ ਪਿੱਠ 'ਚ ਛੁਰਾ ਮਾਰਨ ਵਰਗਾ ਹੈ। ਰੰਧਾਵਾ ਨੇ ਕਿਹਾ ਕਿ ਸਿੱਧੂ ਨੂੰ ਕਿਸੇ ਵੀ ਪਾਰਟੀ 'ਚ ਬਹੁਤੀ ਦੇਰ ਟਿਕਣ ਦੀ ਆਦਤ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਫ਼ਸੋਸ ਹੋ ਰਿਹਾ ਹੈ ਕਿ ਉਨ੍ਹਾਂ ਵਿਧਾਨ ਸਭਾ ਵਿੱਚ ਸਿੱਧੂ ਦੇ ਹੱਕ 'ਚ ਆ ਕੇ ਅਕਾਲੀਆਂ ਨੂੰ ਠੋਕਿਆ।


ਉਨ੍ਹਾਂ ਕਿਹਾ ਕਿ ਲੀਡਰ ਲੋਕਾਂ ਦਾ ਹੁੰਦਾ ਹੈ, ਕਲਾਕਾਰ ਨਹੀਂ। ਉਨ੍ਹਾਂ ਕਿਹਾ ਕਿ ਰੰਧਾਵਾ ਨੇ ਕਿਹਾ ਕਿ ਸਿੱਧੂ ਜ਼ਰੂਰ ਬੀਜੇਪੀ 'ਚ ਰਹਿ ਕੇ ਅਕਾਲੀਆਂ ਦੇ ਨਾਲ ਰਹੇ, ਅੱਜ ਵੀ ਉਹ ਉਨ੍ਹਾਂ ਦੇ ਬੈਸਟ ਫ੍ਰੈਂਡ ਹਨ ਪਰ ਉਨ੍ਹਾਂ ਦੇ ਇਸ ਬਿਆਨ 'ਤੇ ਬੇਹੱਦ ਅਫਸੋਸ ਹੋ ਰਿਹਾ ਹੈ।

ਯਾਦ ਰਹੇ ਨਵਜੋਤ ਸਿੱਧੂ ਨੇ ਕੈਪਟਨ ਵੱਲ ਇਸ਼ਾਰਾ ਕਰਦੇ ਹੋਏ ਬਾਦਲ ਪਰਿਵਾਰ ਨਾਲ ਫਰੈਂਡਲੀ ਮੈਚ ਦਾ ਇਲਜ਼ਾਮ ਲਾਇਆ ਸੀ। ਚੋਣ ਪ੍ਰਚਾਰ ਦੇ ਆਖਰੀ ਦਿਨ 17 ਮਈ ਨੂੰ ਬਠਿੰਡਾ ਵਿੱਚ ਰਾਜਾ ਵੜਿੰਗ ਦੇ ਪੱਖ ਵਿੱਚ ਰੈਲੀ ਕਰ ਸਿੱਧੂ ਨੇ ਕਿਹਾ ਸੀ, "ਭੱਜ 75:25 ਵਾਲਿਆ, ਭੱਜ ਬਾਦਲਾ ਭੱਜ ਕਿ ਸਿੱਧੂ ਆਇਆ, ਕੁਰਸੀ ਖਾਲੀ ਕਰੋ।" ਸਿੱਧੂ ਦੇ ਮੂੰਹੋਂ 75:25 ਵਾਲੀ ਗੱਲ ਸੁਣਦੇ ਹੀ ਲੋਕ ਹੈਰਾਨ ਹੋ ਗਏ।

ਸਿੱਧੂ ਨੇ ਲੋਕਾਂ ਨੂੰ ਕਿਹਾ ਸੀ ਕਿ ਇਨ੍ਹਾਂ ਫਰੈਂਡਲੀ ਮੈਚ ਖੇਡਣ ਵਾਲਿਆਂ ਨੂੰ ਠੋਕ ਦਿਓ ਤੇ ਮੇਰੇ ਭਰਾ (ਰਾਜਾ ਵੜਿੰਗ) ਨੂੰ ਜਿਤਾ ਦਿਓ। ਸਿੱਧੂ ਦੇ ਫਰੈਂਡਲੀ ਮੈਚ ਵਾਲੇ ਬਿਆਨ 'ਤੇ ਜਿੱਥੇ ਵਿਰੋਧੀ ਪਾਰਟੀਆਂ ਨੇ ਕੈਪਟਨ ਸਰਕਾਰ ਦੀ ਖਿੱਚ-ਧੂਹ ਕੀਤੀ, ਉੱਥੇ ਹੁਣ ਕੈਪਟਨ ਤੇ ਉਨ੍ਹਾਂ ਦੇ ਕਈ ਮੰਤਰੀ ਵੀ ਸਿੱਧੂ ਖ਼ਿਲਾਫ਼ ਹੋ ਗਏ ਹਨ।

ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਦੀ ਅੱਖ ਸੀਐਮ ਦੀ ਕੁਰਸੀ 'ਤੇ ਹੈ, ਇਸ ਲਈ ਉਹ ਅਜਿਹੀ ਬਿਆਨਬਾਜ਼ੀ ਕਰ ਰਿਹਾ ਹੈ। ਕੈਪਟਨ ਨੇ ਇਹ ਟਿੱਪਣੀ ਨਵਜੋਤ ਸਿੱਧੂ ਵੱਲੋਂ ਬਾਦਲਾਂ ਨਾਲ ਫਰੈਂਡਲੀ ਮੈਚ ਖੇਡਣ ਸਬੰਧੀ ਕੀਤੀ ਟਿੱਪਣੀ 'ਤੇ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਮਗਰੋਂ ਪਾਰਟੀ ਹਾਈਕਮਾਨ ਸਿੱਧੂ ਖ਼ਿਲਾਫ਼ ਕਾਰਵਾਈ ਕਰਨ ਬਾਰੇ ਫੈਸਲਾ ਕਰ ਸਕਦੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਵਿੱਚ ਵੋਟ ਪਾਉਣ ਮਗਰੋਂ ਇੰਟਰਵਿਊ ਦੌਰਾਨ ਕਿਹਾ ਕਿ ਨਵਜੋਤ ਸਿੱਧੂ ਦੇ ਬਿਆਨ ਨਾਲ ਪਾਰਟੀ ਦੇ ਪ੍ਰਦਰਸ਼ਨ 'ਤੇ ਅਸਰ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਸ਼ਾਇਦ ਮੁੱਖ ਮੰਤਰੀ ਬਣਾ ਚਾਹੁੰਦਾ ਹੈ, ਪਰ ਇਹ ਉਸ ਦੀ ਸੋਚ ਹੈ। ਕੈਪਟਨ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਫਰੈਂਡਲੀ ਮੈਚ ਦੀ ਗੱਲ ਕਹਿ ਕੇ ਉਨ੍ਹਾਂ ਦਾ ਨਹੀਂ ਸਗੋਂ ਪਾਰਟੀ ਨੂੰ ਖਤਰੇ ਵਿੱਚ ਪਾ ਦਿੱਤਾ ਹੈ।