ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਨੂੰ ਮੁਅੱਤਲ ਕਰਨ ਤੋਂ ਬਾਅਦ ਖਹਿਰਾ ਧੜੇ ਨੇ ਆਪਣੀ ਹੀ ਪਾਰਟੀ ਨੂੰ ਅਦਾਲਤ ਵਿੱਚ ਖਿੱਚਣ ਦਾ ਮਨ ਬਣਾ ਲਿਆ ਹੈ। ਹੁਣ ਕੰਵਰ ਸੰਧੂ ਤੇ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੀ ਕੋਰ ਕਮੇਟੀ ਨੂੰ ਕਾਨੂੰਨੀ ਨੋਟਿਸ ਭੇਜਣ ਦੀ ਤਿਆਰੀ ਕਰ ਰਹੇ ਹਨ।


ਕੰਵਰ ਸੰਧੂ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਗ਼ੈਰ-ਸੰਵਿਧਾਨਕ ਤਰੀਕੇ ਨਾਲ ਮੁਅੱਤਲ ਕੀਤਾ ਹੈ। ਸੰਧੂ ਨੇ ਕਿਹਾ ਕਿ ਉਨ੍ਹਾਂ ਦੇ ਧੜੇ ਵੱਲੋਂ ਅਨੁਸ਼ਾਸਨ ਕਮੇਟੀ ਬਣਾਈ ਜਾਵੇਗੀ ਤੇ ਇਸ ਦੇ ਨਾਲ ਹੀ ਇੱਕ ਲੋਕਾਯੁਕਤ ਵੀ ਨਿਯੁਕਤ ਕਰ ਦਿੱਤਾ ਹੈ, ਜੋ ਪਾਰਟੀ ਦੇ ਖਿਲਾਫ ਕੀਤੀ ਜਾਣ ਵਾਲੀ ਕਾਰਵਾਈ ਦਾ ਫੈਸਲਾ ਕਰੇਗਾ। ਇਹ ਅਨੁਸ਼ਾਸਨ ਕਮੇਟੀ ਕੰਵਰ ਸੰਧੂ ਦੀ ਅਗਵਾਈ ਹੇਠ ਕੰਮ ਕਰੇਗੀ।

ਬਾਗ਼ੀ ਤੇ ਮੁਅੱਤਲ ਕੀਤੇ ਗਏ 'ਆਪ' ਵਿਧਾਇਕਾਂ ਨੇ ਡਾ. ਕੇ.ਐਸ. ਔਲਖ ਨੂੰ ਲੋਕਾਯੁਕਤ ਨਿਯੁਕਤ ਕੀਤਾ ਹੈ। ਸੰਧੂ ਨੇ ਕਿਹਾ ਕਿ ਅਨੁਸ਼ਾਸਨ ਕਮੇਟੀ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਨੂੰ ਕਾਨੂੰਨੀ ਨੋਟਿਸ ਭੇਜ ਕੇ ਇਸ ਚੀਜ਼ ਦਾ ਜਵਾਬ ਮੰਗੇਗੀ ਕਿ ਸੰਵਿਧਾਨ ਤੋਂ ਬਾਹਰ ਹੋ ਕੇ ਕਿਸ ਤਰ੍ਹਾਂ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਗਈ।

ਉੱਧਰ, ਸੁਖਪਾਲ ਖਹਿਰਾ ਤੇ ਕੰਵਰ ਸੰਧੂ ਨੇ ਇਨਸਾਫ਼ ਮਾਰਚ ਦੀ ਤਿਆਰੀ ਖਿੱਚ ਲਈ ਹੈ। ਦਸੰਬਰ ਦੇ ਪਹਿਲੇ ਹਫ਼ਤੇ ਪੰਜਾਬ ਦੇ ਮੁੱਦਿਆਂ 'ਤੇ ਵੱਖ-ਵੱਖ ਥਾਵਾਂ 'ਤੇ ਪੈਦਲ ਮਾਰਚ ਕੀਤਾ ਜਾਵੇਗਾ। ਖਹਿਰਾ ਤੇ ਕੰਵਰ ਸੰਧੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਸਾਥੀ ਵਿਧਾਇਕਾਂ ਦੇ ਨਾਲ-ਨਾਲ ਟਕਸਾਲੀ ਆਗੂ ਅਤੇ ਪੰਥਕ ਜਥੇਬੰਦੀਆਂ ਤੇ ਸਮੇਤ ਬਹੁਜਨ ਸਮਾਜ ਪਾਰਟੀ ਵੀ ਉਨ੍ਹਾਂ ਦੇ ਸੰਪਰਕ ਵਿੱਚ ਹਨ।