ਨਵੀਂ ਦਿੱਲੀ: ਦੇਸ਼ ਦੀ ਸਰਬਉੱਚ ਅਦਾਲਤ ਵਿੱਚ ਜਾਰੀ ਸੰਕਟ ਹੁਣ ਖ਼ਤਮ ਹੋ ਗਿਆ ਹੈ। ਅਟਾਰਨੀ ਜਨਰਲ ਕੇ.ਕੇ. ਵੇਣੁਗੋਪਾਲ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ ਸਾਰੇ ਜੱਜਾਂ ਵੱਲੋਂ ਸਵੇਰੇ ਚਾਹ 'ਤੇ ਚਰਚਾ ਕਰਕੇ ਵਿਵਾਦ ਸੁਲ਼ਝ ਗਿਆ ਹੈ। ਇਸ ਮੁੱਦੇ ਬਾਰੇ ਉਨ੍ਹਾਂ ਕਿਹਾ ਕਿ ਬਿਨਾ ਗੱਲੋਂ ਰਾਈ ਦਾ ਪਹਾੜ ਬਣਾ ਦਿੱਤਾ ਜਾਂਦਾ ਹੈ। ਉੱਧਰ ਬਾਰ ਕੌਂਸਲ ਆਫ਼ ਇੰਡੀਆ ਨੇ ਵੀ ਜੱਜਾਂ ਦੇ ਵਿਵਾਦ ਖ਼ਤਮ ਹੋਣ ਦੀ ਗੱਲ ਕਹੀ ਹੈ। ਬੀ.ਸੀ.ਆਈ. ਦੇ ਚੇਅਰਮੈਨ ਮਮਨ ਕੁਮਾਰ ਮਿਕਾ ਨੇ ਕਿਹਾ ਕਿ ਬੀਤੇ ਕੱਲ੍ਹ ਕੌਂਸਲ ਮੈਂਬਰਾਂ ਨੇ ਸੁਪਰੀਮ ਕੋਰਟ ਦੇ 15 ਜੱਜਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸੀ.ਜੇ.ਆਈ. ਤੋਂ ਅਸੰਤੁਸ਼ਟ ਚਾਰਾਂ 'ਚੋਂ 3 ਜੱਜ ਵੀ ਹਾਜ਼ਰ ਸਨ। ਇਹ ਪੁੱਛੇ ਜਾਣ 'ਤੇ ਕਿ ਕੀ ਭਾਰਤ ਦੇ ਮੁੱਖ ਜੱਜ ਦੀ ਜਨਤਕ ਤੌਰ 'ਤੇ ਆਲੋਚਨਾ ਕਰਨ ਵਾਲੇ ਇਨ੍ਹਾਂ ਜੱਜਾਂ ਵਿਰੁੱਧ ਕੀ ਕਾਰਵਾਈ ਹੋਵੇਗੀ, ਬਾਰੇ ਉਨ੍ਹਾਂ ਕਿਹਾ ਕਿ ਇਸ ਦੀ ਲੋੜ ਨਹੀਂ ਹੈ ਕਿਉਂਕਿ ਸਾਰੇ ਜਸਟਿਸ ਇਮਾਨਦਾਰ ਤੇ ਮਿਹਨਤੀ ਹਨ।