ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਹੈਦਰਾਬਾਦ ਹਾਊਸ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਜਾਮਿਨ ਨੇਤਨਯਾਹੂ ਵਿਚਾਲੇ ਅਹਿਮ ਗੱਲਬਾਤ ਹੋਈ। ਇਸ ਦੌਰਾਨ ਦੋਹਾਂ ਦੇਸ਼ਾਂ ਵਿੱਚ ਫਿਲਮ, ਹੋਮੀਓਪੈਥੀ ਤੇ ਅਲਟਰਨੇਟਿਵ ਮੈਡੀਸਨ ਸਮੇਤ 9 ਸਮਝੌਤਿਆਂ 'ਤੇ ਮੋਹਰ ਲਾਈ ਗਈ।
ਨੌਂ ਸਮਝੌਤਿਆਂ 'ਤੇ ਸਾਈਨ ਕਾਰਨ ਤੋਂ ਬਾਅਦ ਪ੍ਰੈੱਸ ਕਾਫਰਨਸ ਵਿੱਚ ਪੀ.ਐਮ. ਨਰਿੰਦਰ ਮੋਦੀ ਤੇ ਬੇਜਾਮਿਨ ਨੇਤਨਯਾਹੂ ਨੇ ਇੱਕ ਦੂਜੇ ਦੀ ਜੰਮ ਕੇ ਤਾਰੀਫ ਕੀਤੀ। ਪੀ.ਐਮ. ਮੋਦੀ ਨੇ ਇਨ੍ਹਾਂ ਸਮਝੌਤਿਆਂ ਨੂੰ ਨਵੇਂ ਯੁਗ ਦੀ ਸ਼ੁਰੂਆਤ ਕਰਾਰ ਦਿੱਤਾ। ਬੇਜਾਮਿਨ ਨੇਤਨਯਾਹੂ ਨੇ ਪੀ.ਐਮ. ਮੋਦੀ ਦੇ ਭਾਸ਼ਣ ਦੀ ਤਾਰੀਫ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਭਾਸ਼ਨ ਰੌਕ ਕੰਸਰਟ ਦੀ ਤਰ੍ਹਾਂ ਹੁੰਦੇ ਹਨ। ਬੇਜਾਮਿਨ ਨੇਤਨਯਾਹੂ ਨੇ ਇਹ ਵੀ ਕਿਹਾ ਕਿ ਭਾਰਤ ਅੱਤਵਾਦ ਨੂੰ ਝੱਲ ਰਿਹਾ ਹੈ।
ਭਾਰਤ ਤੇ ਇਜ਼ਰਾਈਲ ਵਿਚਾਲੇ ਫਿਲਮ, ਸਾਈਬਰ ਸੁਰੱਖਿਆ, ਪੈਟਰੋਲੀਅਮ, ਹਵਾਈ ਸੇਵਾ, ਰੱਖਿਆ ਖੇਤਰ, ਹੋਮਿਓਪੈਥੀ, ਸਾਇੰਸ, ਟੈਕਨਾਲਜੀ ਤੇ ਸੂਰਜੀ ਊਰਜਾ ਸਮੇਤ 9 ਸਮਝੌਤੇ ਹੋਏ। ਮੋਦੀ ਨੇ ਕਿਹਾ ਕਿ ਅਸੀਂ ਸਾਈਬਰ ਸੁਰੱਖਿਆ, ਫਿਲਮ ਤੇ ਆਇਲ ਵਰਗੇ ਖੇਤਰਾਂ ਵਿੱਚ ਇਜ਼ਰਾਈਲ ਨਾਲ ਮਿਲ ਕੇ ਕੰਮ ਕਰਾਂਗੇ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡੇ ਲਈ ਇਹ ਬੇਹੱਦ ਮਹੱਤਵਪੂਰਨ ਪਲ ਹੈ, ਮੈਂ ਇਜ਼ਰਾਈਲ ਦੇ ਪੀਐਮ ਦਾ ਭਾਰਤ ਆਉਣ 'ਤੇ ਫਿਰ ਸਵਾਗਤ ਕਰਦਾ ਹਾਂ। ਮੋਦੀ ਨੇ ਕਿਹਾ ਕਿ ਬੇਜਾਮਿਨ ਨੇਤਨਯਾਹੂ ਇਸ ਸਾਲ ਦੇ ਸਾਡੇ ਮਹੱਤਵਪੂਰਨ ਮਹਿਮਾਨ ਹਨ।