ਨਵੀਂ ਦਿੱਲੀ: ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਵਾਲੀ ਸੰਵਿਧਾਨਿਕ ਸੋਧ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗੀ। ਇਸ ਮੁੱਦੇ ਨਾਲ ਸਬੰਧਤ 10 ਤੋਂ ਵੱਧ ਪਟੀਸ਼ਨਾਂ 'ਤੇ ਸੁਣਵਾਈ ਹੋ ਰਹੀ ਹੈ। ਇਸ ਵਿੱਚ ਧਾਰਾ 370 ਨੂੰ ਬੇਅਸਰ ਕਰਨ ਵਾਲੀ ਸੰਵਿਧਾਨ ਸੋਧ ਨੂੰ ਗਲਤ ਕਿਹਾ ਗਿਆ ਹੈ।


ਪਟੀਸ਼ਨਾਂ ਵਿੱਚ ਵਿਧਾਨ ਸਭਾ ਦੇ ਪ੍ਰਸਤਾਵ ਤੋਂ ਬਿਨਾਂ ਸੂਬੇ ਨੂੰ 2 ਹਿੱਸਿਆਂ ਵਿੱਚ ਵੰਡਣਾ ਵੀ ਗੈਰ ਕਾਨੂੰਨੀ ਦੱਸਿਆ ਗਿਆ ਹੈ। ਚੀਫ਼ ਜਸਟਿਸ ਰੰਜਨ ਗੋਗੋਈ, ਜਸਟਿਸ ਐਸਏ ਬੋਬੜੇ ਤੇ ਐਸ ਅਬਦੁੱਲ ਨਜ਼ੀਰ ਦੀ ਬੈਂਚ ਸੂਬੇ ਵਿੱਚ ਧਾਰਾ 144 ਲਾਉਣ ਤੇ ਮੋਬਾਈਲ-ਇੰਟਰਨੈੱਟ ਸੇਵਾ ਬੰਦ ਕਰਨ ਨਾਲ ਸੂਬੇ ਵਿੱਚ ਲੋਕਾਂ ਨੂੰ ਦਰਪੇਸ਼ ਮੁੱਦਿਆਂ ਬਾਰੇ ਸੁਣਵਾਈ ਕਰੇਗੀ। ਸੀਪੀਐਮ ਨੇਤਾ ਯੂਸਫ ਤਾਰੀਗਾਮੀ ਦੀ ਨਜ਼ਰਬੰਦੀ ਦੇ ਖਿਲਾਫ ਉਨ੍ਹਾਂ ਦੀ ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦੀ ਪਟੀਸ਼ਨ ਵੀ ਸੁਣਵਾਈ ਦੀ ਸੂਚੀ ਵਿੱਚ ਹੈ।


ਧਾਰਾ 370 ਨੂੰ ਰੱਦ ਕਰਨ ਦੇ ਫੈਸਲੇ ਖਿਲਾਫ ਪਟੀਸ਼ਨ ਐਡਵੋਕੇਟ ਐਮਐਲ ਸ਼ਰਮਾ ਨੇ ਦਾਇਰ ਕੀਤੀ ਹੈ, ਜਦਕਿ ਨੈਸ਼ਨਲ ਕਾਨਫਰੰਸ ਦੇ ਸੰਸਦ ਮੈਂਬਰ ਮੁਹੰਮਦ ਅਕਬਰ ਲੋਨ ਤੇ ਜਸਟਿਸ (ਸੇਵਾਮੁਕਤ) ਹਸਨੈਨ ਮਸੂਦੀ ਨੇ ਜੰਮੂ-ਕਸ਼ਮੀਰ ਦੇ ਸੰਵਿਧਾਨਕ ਦਰਜੇ ਵਿੱਚ ਕੇਂਦਰ ਵੱਲੋਂ ਕੀਤੀਆਂ ਤਬਦੀਲੀਆਂ ਨੂੰ ਚੁਣੌਤੀ ਦਿੱਤੀ ਹੈ। ਸਾਬਕਾ ਆਈਏਐਸ ਅਧਿਕਾਰੀ ਸ਼ਾਹ ਫੈਸਲ, ਜੇਐਨਯੂ ਦੀ ਸਾਬਕਾ ਵਿਦਿਆਰਥਣ ਸ਼ੇਹਲਾ ਰਸ਼ੀਦ ਤੇ ਰਾਧਾ ਕੁਮਾਰ ਜਿਹੀਆਂ ਪ੍ਰਮੁੱਖ ਸ਼ਖਸੀਅਤਾਂ ਵੀ ਇਸ ਵਿੱਚ ਸ਼ਾਮਲ ਹਨ।