ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕਿਸੇ ਲੜਕੀ ਨੂੰ 'ਕਾਲ ਗਰਲ' ਕਹਿਣਾ ਉਸ ਨੂੰ ਖ਼ੁਦਕੁਸ਼ੀ ਲਈ ਉਕਸਾਉਣਾ ਨਹੀਂ ਮੰਨਿਆ ਜਾ ਸਕਦਾ। ਸੁਪਰੀਮ ਕੋਰਟ ਨੇ ਇੱਕ ਪਟੀਸ਼ਨ ਨੂੰ ਰੱਦ ਕਰਦਿਆਂ ਕਿਹਾ, 'ਇਹ ਨਹੀਂ ਮੰਨਿਆ ਜਾ ਸਕਦਾ ਕਿ ਖੁਦਕੁਸ਼ੀ ਦਾ ਕਾਰਨ ਅਪਮਾਨਜਨਕ ਭਾਸ਼ਾ ਦੀ ਵਰਤੋਂ ਸੀ।' ਜਸਟਿਸ ਇੰਦੂ ਮਲਹੋਤਰਾ ਤੇ ਜਸਟਿਸ ਆਰ ਸੁਭਾਸ਼ ਰੈਡੀ ਦੀ ਬੈਂਚ ਨੇ ਕਿਹਾ ਕਿ ਗੁੱਸੇ ਵਿੱਚ ਕਹੇ ਗਏ ਇੱਕ ਸ਼ਬਦ ਨੂੰ ਉਕਸਾਉਣਾ ਨਹੀਂ ਮੰਨਿਆ ਜਾ ਸਕਦਾ, ਜਿਸ ਦੇ ਨਤੀਜੇ ਬਾਰੇ ਵਿੱਚ ਕੁਝ ਸੋਚਿਆ ਸਮਝਿਆ ਨਾ ਗਿਆ ਹੋਏ।


ਸੁਪਰੀਮ ਕੋਰਟ ਨੇ ਤਾਜ਼ਾ ਕੇਸ ਦੇ ਪੁਰਾਣੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਕਿਹਾ, 'ਇਸੇ ਫੈਸਲੇ ਮੁਤਾਬਕ ਸਾਡਾ ਵਿਚਾਰ ਹੈ ਕਿ ਅਜਿਹਾ ਇਲਜ਼ਾਮ ਆਈਪੀਸੀ ਦੀ ਧਾਰਾ 306/34 ਅਧੀਨ ਦੋਸ਼ ਮੜ੍ਹ ਕੇ ਕਾਰਵਾਈ ਦੀ ਪ੍ਰਕ੍ਰਿਆ ਅੱਗੇ ਵਧਾਉਣ ਦੇ ਲਿਹਾਜ਼ ਨਾਲ ਕਾਫ਼ੀ ਨਹੀਂ। ਇਸ ਇਲਜ਼ਾਮ ਤੋਂ ਇਹ ਵੀ ਸਪਸ਼ਟ ਹੈ ਕਿ ਮੁਲਜ਼ਮਾਂ ਵਿੱਚੋਂ ਕਿਸੇ ਨੇ ਵੀ ਪੀੜਤਾ ਨੂੰ ਖੁਦਕੁਸ਼ੀ ਲਈ ਨਾ ਤਾਂ ਉਕਸਾਇਆ, ਭਰਮਾਇਆ ਤੇ ਨਾ ਹੀ ਉਸ 'ਤੇ ਦਬਾਅ ਬਣਾਇਆ।'


ਸੁਪਰੀਮ ਕੋਰਟ ਨੇ ਪਹਿਲਾਂ ਦਿੱਤੇ ਇੱਕ ਪੁਰਾਣੇ ਫੈਸਲੇ ਵਿੱਚ ਇੱਕ ਵਿਅਕਤੀ ਨੂੰ ਆਪਣੀ ਪਤਨੀ ਨੂੰ ਆਤਮ ਹੱਤਿਆ ਲਈ ਉਕਸਾਉਣ ਦੇ ਦੋਸ਼ ਤੋਂ ਮੁਕਤ ਕਰ ਦਿੱਤਾ ਸੀ। ਝਗੜੇ ਦੌਰਾਨ ਪਤੀ ਨੇ ਪਤਨੀ ਨੂੰ 'ਜਾ ਕੇ ਮਰ ਜਾਹ' ਕਿਹਾ ਸੀ। ਖ਼ੁਦਕੁਸ਼ੀ ਲਈ ਉਕਸਾਉਣ 'ਤੇ 10 ਸਾਲ ਤੱਕ ਦੀ ਜੇਲ੍ਹ ਦੀ ਵਿਵਸਥਾ ਹੈ।