ਸਵੇਰ ਹੁੰਦਿਆਂ ਵਿਦੇਸ਼ ਮੰਤਰੀ ਵੀ ਬਣ ਗਈ 'ਚੌਕੀਦਾਰ', ਪਤੀ ਨੇ ਲਾਈ ਵਿਰੋਧੀਆਂ 'ਤੇ ਲਗਾਮ
ਏਬੀਪੀ ਸਾਂਝਾ | 18 Mar 2019 02:25 PM (IST)
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ 'ਮੈਂ ਵੀ ਚੌਕੀਦਾਰ' ਮਹਿੰਮ ਤਹਿਤ ਕਈ ਵੱਡੇ ਨੇਤਾਵਾਂ ਨੇ ਆਪਣੇ ਨਾਂ ਨਾਲ ਚੌਕੀਦਾਰ ਅਗੇਤਰ ਜੋੜ ਲਿਆ। ਵਿਰੋਧੀ ਧਿਰ ਦੇ ਲਗਾਤਾਰ ਨਿਸ਼ਾਨੇ ਲਾਉਣ ਮਗਰੋਂ ਆਖ਼ਰ ਸੁਸ਼ਮਾ ਸਵਰਾਜ ਵੀ ਇਸ ਮੁਹਿੰਮ ਨਾਲ ਜਾ ਜੁੜੇ। ਵਿਦੇਸ਼ ਮੰਤਰੀ ਦੇ ਪਤੀ ਸਵਰਾਜ ਕੌਸ਼ਲ ਨੇ ਸਵੇਰੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਜਦ ਮੈਂ ਸਵੇਰੇ ਉੱਠਿਆ ਤਾਂ ਮੇਰੀ ਪਤਨੀ ਚੌਕੀਦਾਰ ਬਣ ਚੁੱਕੀ ਸੀ। ਬੀਤੇ ਕੱਲ੍ਹ ਤਕ ਉਨ੍ਹਾਂ ਆਪਣੇ ਟਵਿੱਟਰ ਖਾਤੇ ਦਾ ਨਾਂ ਨਹੀਂ ਸੀ ਬਦਲਿਆ। ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਤੇ ਤਨਜ਼ ਕੱਸਦਿਆਂ ਲਿਖਿਆ ਸੀ ਕਿ ਤੁਸੀਂ ਕੋਸ਼ਿਸ਼ ਕਰਦੇ ਰਹੋ ਮੋਦੀ ਜੀ ਪਰ ਸੱਚ ਕੁਚਲਿਆ ਨਹੀਂ ਜਾ ਸਕਦਾ। ਉਨ੍ਹਾਂ ਇਹ ਵੀ ਲਿਖਿਆ ਸੀ ਕਿ ਸੁਸ਼ਮਾ ਸਵਰਾਜ 'ਤੇ ਟਵਿੱਟਰ ਹੈਂਡਲ 'ਚ ਚੌਕੀਦਾਰ ਲਾਉਣ ਲਈ ਦਬਾਅ ਪਾਓ, ਇਹ ਬਹੁਤ ਖ਼ਰਾਬ ਦਿੱਸਦਾ ਹੈ। ਜ਼ਿਕਰਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਭਾਜਪਾ ਤੇ ਕਾਂਗਰਸ ਵਿੱਚ ਸੋਸ਼ਲ ਮੀਡੀਆ 'ਤੇ ਚੌਕੀਦਾਰ-ਚੌਕੀਦਾਰ ਹੋ ਰਹੀ ਹੈ। ਇੱਕ ਧਿਰ ਹਮਲਾ ਕਰਦੀ ਹੈ ਤਾਂ ਦੂਜੀ ਨਵੀਂ ਜੁਗਤ ਲਾ ਕੇ ਵੱਡਾ ਹਮਲਾ ਕਰਦੀ ਹੈ ਪਰ ਇਸ ਸਭ ਵਿੱਚ ਚੌਕੀਦਾਰ ਟ੍ਰੈਂਡਿੰਗ ਵਿੱਚ ਹੈ।