ਪੀਲੀਭੀਤ: ਯੂਪੀ ਸਰਕਾਰ ਦੇ ਕੈਬਿਨਟ ਮੰਤਰੀ ਸਵਾਮੀ ਪ੍ਰਸਾਦ ਮੌਰੀਆ ਨੇ ਸੜਕਾਂ ‘ਤੇ ਘੁੰਮ ਰਹੇ ਆਵਾਰਾ ਜਾਨਵਰਾਂ ਨੂੰ ਲੈ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਵਿਰੋਧੀ ਧਿਰ ਦੇ ਲੋਕਾਂ ਨੇ ਆਪਣੇ ਜਾਨਵਰਾਂ ਨੂੰ ਸੜਕ ‘ਤੇ ਛੱਡ ਦਿੱਤਾ ਹੈ ਤਾਂ ਜੋ ਸਰਕਾਰ ਦੀ ਤਸਵੀਰ ਲੋਕਾਂ ਦੀਆਂ ਨਜ਼ਰਾਂ ‘ਚ ਖ਼ਰਾਬ ਕੀਤੀ ਜਾ ਸਕੇ। ਪੀਲੀਭੀਤ ਜ਼ਿਲ੍ਹੇ ‘ਚ ਰਹਿਣ ਵਾਲੇ ਕਿਸਾਨ ਰਾਮਬਹਾਦੁਰ ਆਪਣੇ ਖੇਤ ‘ਚ ਜਾਨਵਰਾਂ ਦਾ ਚਾਰਾ ਲੈਣ ਗਏ ਸੀ ਤਾਂ ਉਨ੍ਹਾਂ ‘ਤੇ ਕੁਝ ਆਵਾਰਾ ਜਾਨਵਰਾਂ ਨੇ ਹਮਲਾ ਕਰ ਦਿੱਤਾ, ਜਿਸ ‘ਚ ਉਸ ਦੀ ਮੌਤ ਹੋ ਗਈ। ਘਟਨਾ ਵਾਲੀ ਥਾਂ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਪੋਸਟਮਾਰਟਮ ਲਈ ਭੇਜ ਦਿੱਤਾ। ਘਟਨਾ ਤੋਂ ਬਾਅਦ ਪਿੰਡ ‘ਚ ਮਾਤਮ ਦਾ ਮਾਹੌਲ ਹੈ। ਇਸ ਬਾਰੇ ਜਦੋਂ ਮੀਡੀਆ ਨੇ ਪੀਲੀਭੀਤ ਦੇ ਦੋ ਦਿਨਾਂ ਦੌਰੇ ‘ਤੇ ਆਏ ਮੰਤਰੀ ਤੋਂ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਘਟਨਾ ‘ਤੇ ਉਨ੍ਹਾਂ ਨੂੰ ਦੁਖ ਹੈ ਤੇ ਉਹ ਪੀੜਤ ਨੂੰ ਬਣਦਾ ਮੁਆਵਜ਼ਾ ਦੇਣਗੇ। ਉਨ੍ਹਾਂ ਕਿਹਾ ਕਿ ਜਾਨਵਰਾਂ ਨੂੰ ਸਰਕਾਰ ਨੇ ਨਹੀਂ ਛੱਡਿਆ… ਉਨ੍ਹਾਂ ਲੋਕਾਂ ਨੇ ਹੀ ਛੱਡਿਆ ਹੈ। ਲੋਕ ਦੁੱਧ ਕੱਢਣ ਤੋਂ ਬਾਅਦ ਜਾਨਵਰਾਂ ਨੂੰ ਸੜਕਾਂ ‘ਤੇ ਛੱਡ ਦਿੰਦੇ ਹਨ। ਵਿਰੋਧੀ ਧਿਰ ਦੇ ਲੋਕ ਵੀ ਇਹ ਕੰਮ ਕਰਦੇ ਹਨ ਤਾਂ ਜੋ ਸਰਕਾਰ ਨੂੰ ਬਦਨਾਮ ਕੀਤਾ ਜਾ ਸਕੇ। ਸਵਾਮੀ ਪ੍ਰਸਾਦ ਮੌਰੀਆ ਨੇ ਕਿਹਾ ਕਿ ਸਰਕਾਰ ਤਾਂ ਆਵਾਰਾ ਜਾਨਵਰਾਂ ਨਾਲ ਨਜਿੱਠਣ ਲਈ ਗੌਸ਼ਾਲਾ ਬਣਵਾ ਰਹੀ ਹੈ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ।