ਲਖਨਊ: ਤਾਜ ਮਹੱਲ 'ਤੇ ਚੱਲ ਰਹੀ ਸਿਆਸੀ ਬਿਆਨਬਾਜ਼ੀ ਵਿਚਕਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ 26 ਅਕਤੂਬਰ ਨੂੰ ਆਗਰਾ ਜਾ ਰਹੇ ਹਨ। ਭਾਜਪਾ ਦੇ ਵਿਵਾਦਗ੍ਰਸਤ ਵਿਧਾਇਕ ਸੰਗੀਤ ਸੋਮ ਦੇ ਬਿਆਨ ਸਬੰਧੀ ਪੁੱਛੇ ਜਾਣ 'ਤੇ ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਕੌਣ ਕੀ ਕਹਿੰਦਾ, ਇਹ ਮਹੱਤਵਪੂਰਨ ਨਹੀਂ। ਸਭ ਤੋਂ ਵਧ ਜ਼ਰੂਰੀ ਹੈ ਕਿ ਭਾਰਤੀਆਂ ਦੇ ਖੂਨ ਪਸੀਨੇ ਨਾਲ ਬਣੇ ਹਰ ਸਮਾਰਕ ਦੀ ਸੰਭਾਲ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਸੈਰ ਸਪਾਟਾ ਦੀ ਨਜ਼ਰ ਤੋਂ ਵੀ ਸਮਾਰਕਾਂ ਦੀ ਸੰਭਾਲ ਜ਼ਰੂਰੀ ਹੈ।
ਤਾਜ ਮਹੱਲ ਨੂੰ ਲੈ ਪੂਰਾ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ ਬੀਜੇਪੀ ਵਿਧਾਇਕ ਸੰਗੀਤ ਸੋਮ ਨੇ ਬਿਆਨ ਦਿੱਤਾ ਸੀ ਕਿ ਤਾਜ ਮਹੱਲ ਭਾਰਤੀ ਸੱਭਿਆਚਾਰ 'ਤੇ ਇੱਕ ਧੱਬਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸ ਇਤਿਹਾਸ ਬਾਰੇ ਗੱਲ ਕਰ ਰਹੇ ਹਾਂ। ਤਾਜ ਮਹੱਲ ਦੇ ਨਿਰਮਾਤਾ ਸ਼ਾਹਜਹਾਂ ਨੇ ਆਪਣੇ ਪਿਤਾ ਨੂੰ ਕੈਦ ਕਰ ਦਿੱਤਾ ਸੀ। ਉਹ ਹਿੰਦੂਆਂ ਨੂੰ ਖ਼ਤਮ ਕਰਨਾ ਚਾਹੁੰਦਾ ਸੀ। ਜੇ ਇਹ ਸਾਡੇ ਇਤਿਹਾਸ ਦਾ ਹਿੱਸਾ ਹੈ ਤਾਂ ਇਹ ਸਾਡੇ ਲਈ ਦੁੱਖ ਦੀ ਗੱਲ ਹੈ ਤੇ ਅਸੀਂ ਇਹ ਇਤਿਹਾਸ ਬਦਲ ਦੇਵਾਂਗੇ।
ਦੂਜੇ ਪਾਸੇ ਏਆਈਐਮਆਈਐਮ ਦੇ ਮੁਖੀ ਅਸਦਦੂਦੀਨ ਓਵੈਸੀ ਨੇ ਕਿਹਾ ਸੀ ਕਿ ਲਾਲ ਕਿਲ੍ਹੇ ਨੂੰ ਵੀ ਗਦਾਰ ਨੇ ਬਣਾਇਆ ਹੈ ਤੇ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਝੰਡਾ ਕਿਉਂ ਲਹਿਰਾਉਂਦੇ ਹਨ। ਓਵੈਸੀ ਨੇ ਟਵੀਟ ਕਰਕੇ ਕਿਹਾ ਹੈ ਕਿ ਦਿੱਲੀ 'ਚ ਹੈਦਰਾਬਾਦ ਹਾਊਸ ਨੂੰ ਵੀ ਗਦਾਰ ਨੇ ਬਣਾਇਆ ਸੀ? ਕੀ ਮੋਦੀ ਵਿਦੇਸ਼ੀ ਮਹਿਮਾਨਾਂ ਨੂੰ ਇੱਥੇ ਆਉਣ ਤੋਂ ਰੋਕਣਗੇ। ਕੀ ਯੋਗੀ ਦੇਸੀ ਤੇ ਵਿਦੇਸ਼ੀ ਸੈਲਾਨੀਆਂ ਨੂੰ ਤਾਜ ਮਹੱਲ ਨਹੀਂ ਜਾਣ ਲਈ ਕਹਿਣਗੇ।