ਨਵੀਂ ਦਿੱਲੀ: ਇੰਡੀਗੋ ਏਅਰਲਾਈਨਜ਼ ਦੇ ਇੱਕ ਕਰਮਚਾਰੀ ਨੂੰ ਜਹਾਜ਼ 'ਚ ਬੰਬ ਹੋਣ ਦੀ ਅਫਵਾਹ ਫੈਲਾਉਣ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤਾ ਹੈ। 23 ਸਾਲਾ ਕਾਰਤਿਕ ਮਾਧਵ ਭੱਟ ਨੇ ਆਪਣਾ ਜੁਰਮ ਕਬੂਲਦਿਆਂ ਮੰਨਿਆ ਕਿ ਉਸ ਨੇ ਅਜਿਹਾ ਇੰਡੀਗੋ ਏਅਰਲਾਈਨਜ਼ ਨੂੰ ਸਬਕ ਸਿਖਾਉਣ ਲਈ ਕੀਤਾ।


 

ਜ਼ਿਕਰਯੋਗ ਹੈ ਕਿ ਬੀਤੀ 2 ਮਈ ਨੂੰ ਇੰਦਰੀ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਾਰਗੋ ਕੰਪਲੈਕਸ 'ਚ ਮੁੰਬਈ ਜਾਣ ਵਾਲੀ ਇੰਡੀਗੋ ਏਅਰਲਾਈਨਜ਼ 'ਚ ਬੰਬ ਹੋਣ ਸਬੰਧੀ ਫੋਨ ਆਇਆ ਸੀ।

ਡਿਪਟੀ ਕਮਿਸ਼ਨਰ ਸੰਜੇ ਭਾਟੀਆ ਨੇ ਦੱਸਿਆ ਕਿ ਮਾਧਵ ਇੰਡੀਗੋ ਏਅਰਲਾਈਨਜ਼ 'ਚ ਕੰਮ ਕਰਦਾ ਹੈ। ਉਸ ਦੀ ਕਾਰਗੁਜ਼ਾਰੀ ਤਸੱਲੀਬਖਸ਼ ਨਾ ਹੋਣ ਕਰਕੇ ਕੰਪਨੀ ਨੇ ਉਸ ਨੂੰ ਤਿੰਨ ਮਹੀਨੇ ਦਾ ਨੋਟਿਸ ਦਿੱਤਾ ਸੀ। ਇਸੇ ਗੱਲ ਤੋਂ ਪ੍ਰੇਸ਼ਾਨ ਮਾਧਵ ਨੇ ਕੰਪਨੀ ਨੂੰ ਸਬਕ ਸਿਖਾਉਣ ਲਈ ਬੰਬ ਹੋਣ ਦੀ ਅਫਵਾਹ ਫੈਲਾਈ ਸੀ।

ਪੁਲਿਸ ਨੇ ਮਾਧਵ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਉਹ ਸਿਮ ਕਾਰਡ ਵੀ ਬਰਾਮਦ ਕਰ ਲਿਆ ਹੈ ਜੋ ਉਸ ਨੇ ਅਫਵਾਹ ਫੈਲਾਉਣ ਲਈ ਇਸਤੇਮਾਲ ਕੀਤਾ ਸੀ।