ਲੰਡਨ: ਬ੍ਰਿਟੇਨ ਵਿੱਚ ‘ਸੰਡੇ ਟਾਈਮਜ਼’ ਨੇ ਸਾਲ 2018 ਦੀ ਇੱਕ ਹਜ਼ਾਰ ਅਮੀਰਾਂ ਦੀ ਸਾਲਾਨਾ ਲਿਸਟ ਤਿਆਰ ਕੀਤੀ ਹੈ ਜਿਸ ਵਿੱਚ ਭਾਰਤੀ ਮੂਲ ਦਾ ਹਿੰਦੂਜਾ ਭਰਾ ਦੂਜੇ ਸਥਾਨ ’ਤੇ ਹੈ। ਰਸਾਇਣਿਕ ਖੇਤਰ ਦੇ ਉੱਦਮੀ ਤੇ 21.05 ਅਰਬ ਪਾਊਂਡ ਦੀ ਜਾਇਦਾਦ ਦੇ ਮਾਲਕ ਜਿਮ ਰੈਟਕਲਿਫ ਨੇ ਉਸ ਨੂੰ ਦੂਜੇ ਸਥਾਨ ’ਤੇ ਪਛਾੜ ਦਿੱਤਾ। ਲਿਸਟ ਮੁਤਾਬਕ ਲੰਡਨ ਦੇ ਸ਼੍ਰੀਚੰਦ ਤੇ ਗੋਪੀਚੰਦ ਹਿੰਦੂਜਾ 20.64 ਅਰਬ ਪਾਊਂਡ ਦੀ ਜਾਇਦਾਦ ਨਾਲ ਦੂਜੇ ਨੰਬਰ ’ਤੇ ਹਨ।

 

ਬ੍ਰਿਟੇਨ ਦੇ ਇੱਕ ਹਜ਼ਾਰ ਅਮੀਰਾਂ ਦੀ 2018 ਦੀ ਸੂਚੀ ਵਿੱਚ ਭਾਰਤੀ ਮੂਲ ਦੇ 47 ਅਮੀਰ ਲੋਕ ਸ਼ਾਮਲ ਹਨ। ਸੂਚੀ ਤਿਆਰ ਕਰਨ ਵਾਲੇ ਰਾਬਰਟ ਵਾਟਸ ਨੇ ਕਿਹਾ ਕਿ ਬ੍ਰਿਟੇਨ ਬਦਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਦਿਨ ਗਏ ਜਦੋਂ ਸੰਡੇ ਟਾਈਮਜ਼ ਦੀ ਅਮੀਰਾਂ ਦੀ ਲਿਸਟ ਵਿੱਚ ਪੁਸ਼ਤੈਨੀ ਪੈਸੇ ਤੇ ਕੁਝ ਗਿਣੇ-ਚੁਣੇ ਉਦਯੋਗਾਂ ਦਾ ਹੀ ਦਬਦਬਾ ਹੁੰਦਾ ਸੀ। ਹੁਣ ਇਸ ਲਿਸਟ ਵਿੱਚ ਨਵੇਂ ਉੱਦਮੀਆਂ ਦਾ ਦਬਦਬਾ ਹੈ।

ਵਾਟਸ ਮੁਤਾਬਕ ਅਮੀਰਾਂ ਦੀ ਲਿਸਟ ਵਿੱਚ ਚਾਕਲੇਟ ਦਾ ਕਾਰੋਬਾਰ ਕਰਨ ਵਾਲੇ ਤੋਂ ਲੈ ਕੇ ਸੁਸ਼ੀ, ਪੇਟ ਫੂਡ ਤੇ ਆਂਡਿਆਂ ਦੇ ਕਾਰੋਬਾਰੀਆਂ ਦੇ ਨਾਂ ਵੀ ਸ਼ਾਮਲ ਹਨ। ਵੇਖਿਆ ਗਿਆ ਹੈ ਕਿ ਲਿਸਟ ਵਿੱਚ ਸਾਧਾਰਨ ਪਿਛੋਕੜ ਵਾਲੇ ਲੋਕ ਵੀ ਆਪਣੀ ਜਗ੍ਹਾ ਬਣਾ ਰਹੇ ਹਨ। ਇਹ ਸਭ ਅਜਿਹੇ ਲੋਕ ਹਨ ਜਿਨ੍ਹਾਂ ਸਕੂਲੀ ਦਿਨਾਂ ’ਚ ਸੰਘਰਸ਼ ਕੀਤਾ ਤੇ ਕਾਫ਼ੀ ਦੇਰ ਤੋਂ ਕਾਰੋਬਾਰ ਦੀ ਸ਼ੁਰੂਆਤ ਕੀਤੀ।

ਆਮ ਪਿਛੋਕੜ ਵਾਲੇ ਰੈਟਕਲਿਫ ਨੇ ਰਸਾਇਣ ਕੰਪਨੀ ਆਈਨਿਓਸ ਦੀ ਸ਼ੁਰੂਆਤ ਕੀਤੀ। 2017 ਦਾ ਲਿਸਟ ਵਿੱਚ ਉਹ 18ਵੇਂ ਨੰਬਰ ’ਤੇ ਸੀ। ਪਿਛਲੇ ਸਾਲ ਉਸ ਨੇ 15.3 ਅਰਬ ਪਾਊਂਡ ਜੋੜੇ ਤੇ ਇਸ ਸਾਲ ਉਹ ਪਹਿਲੇ ਸਥਾਨ ’ਤੇ ਪੁੱਜ ਗਿਆ ਹੈ।