ਨਵੀਂ ਦਿੱਲੀ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਇਕਬਾਲਨਾਮੇ ਨੇ ਪਾਕਿਸਤਾਨ ਨੂੰ ਵਖ਼ਤ 'ਚ ਪਾ ਦਿੱਤਾ ਹੈ। ਸ਼ਰੀਫ ਨੇ ਇਕ ਬਿਆਨ 'ਚ ਮੁੰਬਈ 'ਚ 26 ਨਵੰਬਰ, 2008 ਨੂੰ ਹੋਏ ਅੱਤਵਾਦੀ ਹਮਲੇ ਪਿੱਛੇ ਪਾਕਿਸਤਾਨੀ ਦਹਿਸ਼ਤਗਰਦਾਂ ਦਾ ਹੱਥ ਦੱਸਿਆ। ਮੁੰਬਈ 'ਚ ਹੋਏ ਇਨ੍ਹਾਂ ਅੱਤਵਾਦੀ ਹਮਲਿਆਂ 'ਚ ਕਰੀਬ 166 ਲੋਕ ਮਾਰੇ ਗਏ ਸਨ।

 

ਸ਼ਰੀਫ ਦੇ ਇਸ ਬਿਆਨ ਤੋਂ ਬਾਅਦ ਅੱਜ ਪਾਕਿਸਤਾਨੀ ਫ਼ੌਜ ਨੇ ਹੰਗਾਮੀ ਬੈਠਕ ਬੁਲਾਈ ਹੈ। ਇਸ 'ਚ ਸ਼ਰੀਫ ਦੇ ਬਿਆਨ ਨੂੰ ਲੈਕੇ ਪੈਦਾ ਹੋਏ ਸੰਕਟ 'ਤੇ ਚਰਚਾ ਕੀਤੀ ਜਾਵੇਗੀ। ਫ਼ੌਜ ਮੁਖੀ ਨੇ ਪ੍ਰਧਾਨ ਪੰਤਰੀ ਸ਼ਾਹਿਦ ਖ਼ਕਾਨ ਅੱਬਾਸੀ ਨੂੰ ਨੈਸ਼ਨਲ ਸਕਿਓਰਿਟੀ ਕੌਂਸਲ ਦੀ ਬੈਠਕ ਬਲਾਉਣ ਲਈ ਕਿਹਾ।

ਸ਼ਰੀਫ ਵੱਲੋਂ ਦਿੱਤੇ ਇਸ ਬਿਆਨ ਤੋਂ ਬਾਅਦ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਨੇ ਸ਼ਰੀਫ ਨੂੰ ਮਾਡਰਨ ਮੀਰ ਜ਼ਾਫਰ ਦੱਸਦਿਆਂ ਇਕ ਟਵੀਟ 'ਚ ਲਿਖਿਆ ਕਿ ਸ਼ਰੀਫ ਨੇ ਦੇਸ਼ ਨੂੰ ਗੁਲਾਮ ਬਣਾਉਣ ਲਈ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ। ਉਨ੍ਹਾਂ ਕਿਹਾ ਕਿ ਨਵਾਜ਼ ਗ਼ਲਤ ਢੰਗ ਨਾਲ ਕਮਾਏ 300 ਅਰਬ ਰੁਪਏ ਤੇ ਵਿਦੇਸ਼ਾਂ 'ਚ ਆਪਣੇ ਪੁੱਤਰ ਦੀਆਂ ਕੰਪਨੀਆਂ ਖਾਤਿਰ ਪਾਕਿਸਤਾਨ ਖਿਲਾਫ਼ ਮੋਦੀ ਦੀ ਭਾਸ਼ਾ ਬੋਲ ਰਹੇ ਹਨ।

ਕੌਣ ਹੈ ਮੀਰ ਜ਼ਾਫਰ:

ਇਮਰਾਨ ਖਾਨ ਨੇ ਜਿਸ ਮੀਰ ਜ਼ਾਫਰ ਨਾਲ ਸ਼ਰੀਫ ਦੀ ਤੁਲਨਾ ਕੀਤੀ ਹੈ ਉਹ ਬੰਗਾਲ ਦੇ ਨਵਾਬ ਸਿਰਾਜੂਦੌਲਾ ਦੀ ਫ਼ੌਜ ਦਾ ਕਮਾਂਡਰ ਸੀ। 1757 ਦੀ ਪਲਾਸੀ ਦੀ ਲੜਾਈ ਦੌਰਾਨ ਉਹ ਨਵਾਬ ਨੂੰ ਧੋਖਾ ਦੇ ਕੇ ਈਸਟ ਇੰਡੀਆ ਕੰਪਨੀ ਨਾਲ ਜਾ ਮਿਲਿਆ ਸੀ। ਨਤੀਜਾ ਇਹ ਹੋਇਆ ਕਿ ਇਸ ਜੰਗ 'ਚ ਨਵਾਬ ਸਿਰਾਜੂਦੌਲਾ ਹਾਰ ਗਿਆ ਤੇ ਅੰਗਰੇਜ਼ਾਂ ਨੇ ਭਾਰਤ 'ਤੇ ਕਬਜ਼ਾ ਕਰ ਲਿਆ।'