ਪਿਓਂਗਯਾਂਗ : ਉੱਤਰ ਕੋਰੀਆ ਨੇ ਸ਼ਨੀਵਾਰ ਨੂੰ ਕਿਹਾ ਕਿ ਊਹ ਆਪਣੇ ਪਰਮਾਣੂ ਪ੍ਰੀਖਣ ਕੇਂਦਰਾਂ ਨੂੰ ਖ਼ਤਮ ਕਰਨ ਦੀ ਕਾਰਵਾਈ ਸ਼ੁਰੂ ਕਰੇਗਾ ਤੇ ਮਿਜ਼ਾਈਲ ਪ੍ਰੀਖਣ ’ਤੇ ਵੀ ਰੋਕ ਲੱਗੇਗੀ। ਇਹ ਪ੍ਰਕਿਰਿਆ 23 ਤੋਂ 25 ਮਈ ਤਕ ਚੱਲੇਗੀ। ਇਹ ਉਪਰਾਲਾ ਕੋਰੀਆਈ ਪ੍ਰਾਇਦੀਪ ਵਿੱਚ ਪਰਮਾਣੂ ਹਥਿਆਰ ਖ਼ਤਮ ਕਰਨ ਲਈ ਕੀਤਾ ਗਿਆ ਹੈ।

 

ਖ਼ਬਰ ਏਜੰਸੀ ਜ਼ਿਨਹੂਆ ਨੇ ਪਿਓਂਗਯਾਂਗ  ਵਿਦੇਸ਼ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਵਰਕਰਜ਼ ਪਾਰਟੀ ਆਫ ਕੋਰੀਆ (ਡਬਲਿਊਪੀਕੇ) ਦੀ ਸੱਤਵੀਂ ਕੇਂਦਰੀ ਕਮੇਟੀ ਦੀ ਤੀਜੀ ਮੀਟਿੰਗ ਦੇ ਫੈਸਲੇ ਮੁਤਾਬਕ ਪਰਮਾਣੂ ਹਥਿਆਰ ਸੰਸਥਾ ਅਤੇ ਹੋਰ ਸਬੰਧਿਤ ਸੰਸਥਾਵਾਂ ਦੇਸ਼ ਦੇ ਪਰਮਾਣੂ ਪ੍ਰੀਖਣ ਸਥਾਨ ਖ਼ਤਮ ਕਰ ਦੇਣਗੀਆਂ ਅਤੇ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੋਵੇਗੀ।

ਟਰੰਪ ਨੇ ਇਸ ਪਹਿਲ ਨੂੰ ਕਿਹਾ ਅਕਲਮੰਦੀ ਦਾ ਫ਼ੈਸਲਾ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ  ਨੇ ਬੀਤੇ ਦਿਨ ਪਿਓਂਗਯਾਂਗ  ਦੇ ਆਪਣੇ ਪਰਮਾਣੂ ਪ੍ਰੀਖਣਾਂ ਨੂੰ ਨਸ਼ਟ ਕਰਨ ਦੇ ਇਸ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਅਕਲਮੰਦੀ ਦਾ ਕਦਮ ਦੱਸਿਆ। ਟਰੰਪ ਨੇ ਟਵੀਟ ਕਰ ਕੇ ਕਿਹਾ ਕਿ ਉੱਤਰ ਕੋਰੀਆ ਨੇ 12 ਜੂਨ ਨੂੰ ਬੈਠਕ ਤੋਂ ਪਹਿਲਾਂ ਆਪਣੇ ਪਰਮਾਣੂ ਪ੍ਰੀਖਣ ਕੇਂਦਰਾਂ ਨੂੰ ਨਸ਼ਟ ਕਰਨ ਦੀ ਯੋਜਨਾ ਬਣਾਈ ਹੈ। ਗ਼ੌਰਤਲਬ ਹੈ ਕਿ ਟਰੰਪ ਤੇ ਕਿਮ ਜੌਂਗ ਵਿੱਚ 12 ਜੂਨ ਨੂੰ ਸਿੰਗਾਪੁਰ ਵਿੱਚ ਬੈਠਕ ਹੋਵੇਗੀ।

ਦੱਖਣ ਕੋਰੀਆ ਨੇ ਵੀ ਫ਼ੈਸਲੇ ਦੀ ਕੀਤੀ ਸ਼ਲਾਘਾ

ਦੱਖਣ ਕੋਰੀਆ ਦੇ ਰਾਸ਼ਟਰਪਤੀ ਭਵਨ ਬਲੂ ਹਾਊਸ ਨੇ ਅੱਜ ਉੱਤਰ ਕੋਰੀਆ ਦੇ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ। ਰਾਸ਼ਟਰਪਤੀ ਮੂਨ ਜੇ ਇਨ ਦ ਬੁਲਾਰੇ ਕਿਮ ਯੂਈ ਕਿਓਮ ਨੇ ਬਿਆਨ ਵਿੱਚ ਕਿਹਾ ਕਿ ਦੱਖਣ ਕੋਰੀਆ ਪਿਓਂਗਯਾਂਗ ਵੱਲੋਂ 23 ਤੋਂ 25 ਮਈ ਦੇ ਵਿੱਚ ਆਪਣੇ ਪਰਮਾਣੂ ਪ੍ਰੀਖਣ ਕੇਂਦਰਾਂ ਨੂੰ ਖ਼ਤਮ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਾ ਹੈ।