ਨਵੀਂ ਦਿੱਲੀ: ਕਾਨਪੁਰ ਆਈਆਈਟੀ ਦੇ ਵਿਦਿਆਰਥੀ ਰਹਿ ਚੁੱਕੇ ਵਿਅਕਤੀ ਨੇ ਈ-ਕਾਮਰਸ ਕੰਪਨੀਆਂ ਵਿੱਚ ਆਪਣਾ ਨਿਵੇਸ਼ ਕਰ ਕੇ ਚੰਗਾ ਪੈਸਾ ਕਮਾ ਲਿਆ ਹੈ। ਆਸ਼ੀਸ਼ ਗੁਪਤਾ ਨੂੰ ਫਲਿੱਪਕਾਰਟ ਤੋਂ 100 ਕਰੋੜ ਦਾ ਵੱਡਾ ਲਾਭ ਮਿਲਿਆ ਹੈ।


 

ਦਰਅਸਲ, ਏਂਜਲ ਇਨਵੈਸਟਰ ਦੇ ਆਸ਼ੀਸ਼ ਗੁਪਤਾ ਨੇ ਸਾਲ 2009 ਵਿੱਚ ਫਲਿੱਪਕਾਰਟ ਵਿੱਚ 10 ਲੱਖ ਰੁਪਏ ਦਾ ਨਿਵੇਸ਼ ਕੀਤਾ ਸੀ। ਜੋ ਹੁਣ 134 ਕਰੋੜ ਰੁਪਏ ਤੋਂ ਵੱਧ ਬਣ ਗਏ ਹਨ। ਆਸ਼ੀਸ਼ ਨੂੰ ਇਹ ਫਾਇਦਾ ਫਲਿੱਪਕਾਰਟ ਦੇ ਵਾਲਮਾਰਟ ਨਾਲ ਹੋਏ ਸੌਦੇ ਤੋਂ ਬਾਅਦ ਮਿਲਿਆ ਹੈ।

ਗੁਪਤਾ ਅਮਰੀਕਾ ਦਾ ਨਾਗਰਿਕ ਹੈ ਤੇ ਆਈਆਈਟੀ ਕਾਨਪੁਰ ਤੋਂ ਕੰਪਿਊਟਰ ਵਿਗਿਆਨ ਵਿੱਚ ਗ੍ਰੈਜੂਏਟ ਹੈ। ਗੁਪਤਾ ਨੇ ਸਾਲ 1998 ਵਿੱਚ ਕੀਮਤਾਂ ਦੀ ਤੁਲਨਾ ਕਰਨ ਵਾਲੀ ਆਪਣੀ ਕੰਪਨੀ ਨੂੰ ਐਮੇਜ਼ਨ ਨੂੰ $240 ਮਿਲੀਅਨ ਦੇ ਉੱਚੇ ਭਾਅ ਵੇਚ ਕੇ ਚੋਖਾ ਮੁਨਾਫਾ ਕਮਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਕਈ ਵੱਡੇ ਸੌਦੇ ਕੀਤੇ ਹਨ ਤੇ ਚੰਗਾ ਲਾਭ ਵੀ ਹਾਸਲ ਕੀਤਾ ਹੈ।