ਸ੍ਰੀਨਗਰ: ਜੰਮੂ-ਕਸ਼ਮੀਰ ਵਿੱਚ 14 ਦਿਨਾਂ ਬਾਅਦ ਸੋਮਵਾਰ ਨੂੰ ਕਈ ਸਕੂਲ ਖੁੱਲ੍ਹੇ ਹਨ ਜਦਕਿ ਕਈ ਸਕੂਲ ਅੱਜ ਵੀ ਪਹਿਲਾਂ ਦੀ ਤਰ੍ਹਾਂ ਬੰਦ ਰਹੇ। ਪ੍ਰਸ਼ਾਸਨ ਵੱਲੋਂ 190 ਤੋਂ ਵੱਧ ਪ੍ਰਾਇਮਰੀ ਸਕੂਲ ਤੇ ਵਿਦਿਅਕ ਸੰਸਥਾਵਾਂ ਖੋਲ੍ਹਣ ਦਾ ਫੈਸਲਾ ਲਿਆ ਗਿਆ ਸੀ। ਇਸ ਦੌਰਾਨ ਅਧਿਆਪਕਾਂ ਨੇ ਕਸ਼ਮੀਰ ਦੇ ਕਈ ਸਕੂਲਾਂ ਵਿੱਚ ਕੰਮ ਸ਼ੁਰੂ ਕਰਨ ਦੀ ਖਬਰ ਦਿੱਤੀ, ਪਰ ਇਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਮੌਜੂਦਗੀ ਨਹੀਂ ਵੇਖੀ ਗਈ। ਸ਼ਹਿਰ ਦੇ ਸਾਰੇ ਪ੍ਰਾਈਵੇਟ ਸਕੂਲ ਲਗਾਤਾਰ 15ਵੇਂ ਦਿਨ ਵੀ ਬੰਦ ਰਹੇ। ਦੱਸਿਆ ਜਾ ਰਿਹਾ ਹੈ ਕਿ ਹਿੰਸਕ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਮਾਪੇ ਸੁਰੱਖਿਆ ਸਥਿਤੀ ਤੋਂ ਚਿੰਤਤ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਨੇ ਸ੍ਰੀਨਗਰ ਸ਼ਹਿਰ ਵਿੱਚ 190 ਪ੍ਰਾਇਮਰੀ ਸਕੂਲ ਖੋਲ੍ਹਣ ਲਈ ਲੋੜੀਂਦੇ ਪ੍ਰਬੰਧ ਕੀਤੇ ਪਰ ਸ਼ਹਿਰ ਦੇ ਸਾਰੇ ਪ੍ਰਾਈਵੇਟ ਸਕੂਲ ਲਗਾਤਾਰ 15ਵੇਂ ਦਿਨ ਵੀ ਬੰਦ ਰਹੇ ਕਿਉਂਕਿ ਪਿਛਲੇ ਦੋ ਦਿਨਾਂ ਤੋਂ ਹਿੰਸਕ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਮਾਪੇ ਸੁਰੱਖਿਆ ਨੂੰ ਲੈ ਕੇ ਚਿੰਤਿਤ ਹਨ। ਬੇਮਿਨਾ ਵਿੱਚ ਸਿਰਫ ਪੁਲਿਸ ਪਬਲਿਕ ਸਕੂਲ ਤੇ ਕੁਝ ਕੇਂਦਰੀ ਵਿਦਿਆਲਿਆਂ ਵਿੱਚ ਕੁਝ ਵਿਦਿਆਰਥੀ ਹੀ ਦਿਖਾਈ ਦਿੱਤੇ।
ਜ਼ਿਲ੍ਹਾ ਬਾਰਾਮੂਲਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਪੰਜ ਸ਼ਹਿਰਾਂ ਵਿੱਚ ਸਕੂਲ ਬੰਦ ਰਹੇ ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਸਕੂਲ ਖੋਲ੍ਹੇ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਪੱਟਨ, ਪੱਲਾਨ, ਸਿੰਘੋਰਾ, ਬਾਰਾਮੂਲਾ ਤੇ ਸੋਪੋਰ ਕਸਬਿਆਂ ਵਿੱਚ ਪਾਬੰਦੀਆਂ 'ਚ ਕੋਈ ਢਿੱਲ ਨਹੀਂ ਦਿੱਤੀ ਗਈ। ਜ਼ਿਲ੍ਹੇ ਦੇ ਬਾਕੀ ਹਿੱਸਿਆਂ ਵਿੱਚ ਪ੍ਰਾਇਮਰੀ ਸਕੂਲ ਖੁੱਲ੍ਹੇ ਹਨ।