ਨਵੀਂ ਦਿੱਲੀ: ਖਰਾਬ ਖਾਣੇ ਕਰਕੇ ਸੁਰਖ਼ੀਆਂ 'ਚ ਆਉਣ ਵਾਲੇ BSF ਜਵਾਨ ਤੇਜ ਬਹਾਦੁਰ ਆਜ਼ਾਦ ਉਮੀਦਵਾਰ ਵਜੋਂ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਮੋਦੀ ਖਿਲਾਫ ਚੋਣ ਲੜਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਖਿਲਾਫ ਆਵਾਜ਼ ਚੁੱਕਣ ਦੀ ਸਜ਼ਾ ਦੇ ਕੇ ਉਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਇਸ ਲਈ ਹੁਣ ਉਹ ਫੌਜ ਵਿੱਚ ਹੋ ਰਿਹਾ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਮੋਦੀ ਖਿਲਾਫ ਚੋਣ ਲੜਨਗੇ।


ਯਾਦ ਰਹੇ ਪਿਛਲੇ ਸਾਲ BSF ਦੇ ਜਵਾਨ ਰਹੇ ਤੇਜ ਬਹਾਦੁਰ ਨੇ ਫੌਜ ਨੂੰ ਪਰੋਸੇ ਜਾਂਦੇ ਖਰਾਬ ਖਾਣੇ ਸਬੰਧੀ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕੀਤੀ ਸੀ ਜੋ ਕਾਫੀ ਵਾਇਰਲ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਹੁਣ ਤੇਜ ਪ੍ਰਤਾਪ ਨੇ ਵਾਰਾਣਸੀ ਤੋਂ ਮੋਦੀ ਖਿਲਾਫ ਚੋਣ ਲੜਨ ਦਾ ਐਲਾਨ ਕਰਕੇ ਸਿਆਸੀ ਮਾਹੌਲ ਕਾਫੀ ਗਰਮਾ ਦਿੱਤਾ ਹੈ।

ਤੇਜ ਪ੍ਰਤਾਪ ਨੇ ਕਿਹਾ ਕਿ ਮੋਦੀ ਜੀ ਭ੍ਰਿਸ਼ਟਾਚਾਰ ਮੁਕਤ ਭਾਰਤ ਦੀ ਗੱਲ ਕਰਦੇ ਸੀ। ਮੋਦੀ ਨੂੰ ਵੇਖ ਕੇ ਹੀ ਉਨ੍ਹਾਂ ਫੌਜ ਵਿੱਚ ਹੋ ਰਹੇ ਭ੍ਰਿਸ਼ਟਾਚਾਰ ਖਿਲਾਫ ਆਵਾਜ਼ ਚੁੱਕੀ ਸੀ। ਉਨ੍ਹਾਂ ਨੂੰ ਇਸ ਦੀ ਸਜ਼ਾ ਮਿਲੀ ਤੇ ਫੌਜ ਤੋਂ ਬਾਹਰ ਦੀ ਰਾਹ ਦਿਖਾ ਦਿੱਤਾ ਗਿਆ।