ਤੇਲੰਗਨਾ 'ਚ ਸਰਕਾਰ ਵੱਲੋਂ 'ਖ਼ੁਦਕੁਸ਼ੀ'
ਏਬੀਪੀ ਸਾਂਝਾ | 06 Sep 2018 02:37 PM (IST)
ਹੈਦਰਾਬਾਦ: ਤੇਲੰਗਾਨਾ ਦੇ ਮੁੱਖ ਮੰਤਰੀ ਕਲਵਾਕੁੰਤਲਾ ਚੰਦਰਸ਼ੇਖਰ ਰਾਓ ਦੀ ਕੈਬਨਿਟ ਨੇ ਅੱਜ ਵੱਡਾ ਫੈਸਲਾ ਲੈਂਦਿਆਂ ਵਿਧਾਨ ਸਭਾ ਭੰਗ ਕਰਨ ਦਾ ਮਤਾ ਪਾਸ ਕਰ ਦਿੱਤਾ ਹੈ। ਤੇਲੰਗਾਨਾ ਵਿਧਾਨ ਸਭਾ ਦਾ ਕਾਰਜਕਾਲ ਦੋ ਜੂਨ 2019 ਤਕ ਸੀ ਤੇ ਸੂਬੇ ਦੀਆਂ ਚੋਣਾਂ ਲੋਕ ਸਭਾ ਚੋਣਾਂ ਦੇ ਨਾਲ ਕਰਵਾਈਆਂ ਜਾਣੀਆਂ ਸਨ। ਕੇਸੀਆਰ ਕੈਬਨਿਟ ਚਾਹੁੰਦੀ ਹੈ ਕਿ ਤੇਲੰਗਾਨਾ ਵਿੱਚ ਚੋਣਾਂ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਨਾਲ ਕਰਵਾਏ ਜਾਣ। ਜ਼ਿਕਰਯੋਗ ਹੈ ਕਿ ਚੰਦਰਸ਼ੇਖਰ ਰਾਓ ਪਿਛਲੇ ਕਈ ਦਿਨਾਂ ਤੋਂ ਇਹ ਫੈਸਲਾ ਲੈਣ ਦੀ ਸੋਚ ਰਹੇ ਸਨ। ਇਸ ਬਾਰੇ ਤਿਆਰੀਆਂ ਵੀ ਸ਼ੁਰੂ ਹੋ ਚੁੱਕੀਆਂ ਸਨ। ਹਾਲ ਹੀ ਵਿੱਚ ਮੁੱਖ ਮੰਤਰੀ ਕੇਸੀਆਰ ਨੇ ਸੂਬੇ ਵਿੱਚ ਵੱਡੇ ਪੱਧਰ 'ਤੇ ਰੈਲੀਆਂ ਕੀਤੀਆਂ ਸਨ ਤੇ ਨਾਲ ਹੀ ਵੱਡੀ ਗਿਣਤੀ ਵਿੱਚ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਸਨ। ਦੇਸ਼ ਦੇ ਸਭ ਤੋਂ ਜਵਾਨ ਸੂਬੇ ਤੇਲੰਗਾਨਾ ਵਿਧਾਨ ਸਭਾ ਵਿੱਚ ਕੁੱਲ 119 ਸੀਟਾਂ ਹਨ। ਸੂਬੇ ਦੀ ਮੌਜੂਦ ਸਥਿਤੀ ਦੀ ਗੱਲ ਕਰੀਏ ਤਾਂ ਤੇਲੰਗਾਨਾ ਰਾਸ਼ਟਰ ਸਮਿਤੀ (ਟੀਆਰਸੀ) ਕੋਲ 90, ਕਾਂਗਰਸ ਕੋਲ 13 ਅਤੇ ਭਾਜਪਾ ਕੋਲ 05 ਸੀਟਾਂ ਹਨ। ਟੀਆਰਸੀ ਨੂੰ ਖ਼ਦਸ਼ਾ ਸੀ ਕਿ ਜੇਕਰ ਲੋਕ ਸਭਾ ਚੋਣਾਂ ਨਾਲ ਸੂਤਰਾਂ ਮੁਤਾਬਕ ਵਿਧਾਨ ਸਭਾ ਦੀਆਂ ਚੋਣਾਂ ਕਰਵਾਈਆਂ ਗਈਆਂ ਤਾਂ ਉਨ੍ਹਾਂ ਨੂੰ ਨੁਕਸਾਨ ਹੋ ਸਕਦਾ ਹੈ।