ਨਵੀਂ ਦਿੱਲੀ: ਪਾਕਿਸਤਾਨ ਨੇ ਇੱਕ ਵਾਰ ਫਿਰ ਆਪਣੇ ਦੇਸ਼ 'ਚ ਘੱਟ ਗਿਣਤੀ ਭਾਈਚਾਰਿਆਂ ਪ੍ਰਤੀ ਵਿਤਕਰੇ ਸਬੰਧੀ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀਆਂ ਖਰੀਆਂ ਖੋਟੀਆਂ ਸੁਣੀਆਂ। ਪਿਛਲੇ ਸਾਲ ਦਸੰਬਰ ਵਿੱਚ, ਇੱਕ ਭੀੜ ਨੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਖੜਕ ਜ਼ਿਲ੍ਹੇ ਵਿੱਚ ਹਿੰਦੂ ਮੰਦਰ ਵਿੱਚ ਤੋੜ-ਭੰਨ ਕੀਤੀ ਤੇ ਅੱਗ ਲਾ ਦਿੱਤੀ ਸੀ। ਇਸ ਘਟਨਾ 'ਤੇ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਸਾਹਮਣੇ ਪਾਕਿਸਤਾਨ ਦਾ ਪਰਦਾਫਾਸ਼ ਕੀਤਾ ਤੇ ਦੱਸਿਆ ਕਿ ਕਿਵੇਂ ਇਥੇ ਹਿੰਦੂਆਂ 'ਤੇ ਅੱਤਿਆਚਾਰ ਜਾਰੀ ਹੈ।

ਭਾਰਤ ਨੇ ਇਸ ਦੌਰਾਨ ਕਿਹਾ ਕਿ ਸੰਯੁਕਤ ਰਾਸ਼ਟਰ ਨੇ ਸੱਭਿਆਚਾਰਕ ਸਦਭਾਵਨਾ ਤੇ ਧਾਰਮਿਕ ਸਥਾਨਾਂ ਨੂੰ ਸੁਰੱਖਿਅਤ ਰੱਖਣ ਦਾ ਵਾਅਦਾ ਕੀਤਾ ਹੈ, ਪਰ ਪਾਕਿਸਤਾਨ ਵਿੱਚ ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਦਹਿਸ਼ਤ ਦਾ ਨਿਸ਼ਾਨਾ ਹੈ। ਉਥੇ ਅੱਤਵਾਦ, ਹਿੰਸਕ ਕੱਟੜਵਾਦ, ਕੱਟੜਵਾਦ ਤੇ ਅਸਹਿਣਸ਼ੀਲਤਾ ਨਿਰੰਤਰ ਵੱਧ ਰਹੀ ਹੈ।

ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਰਾਜਦੂਤ ਟੀਐਸ ਤਿਰੁਮੂਰਤੀ ਨੇ ਕਿਹਾ ਕਿ ਬਹੁ-ਸੱਭਿਆਚਾਰਕ ਦੇਸ਼ ਹੋਣ ਦੇ ਕਾਰਨ ਭਾਰਤ ਸਾਰੇ ਧਾਰਮਿਕ ਤੇ ਸਭਿਆਚਾਰਕ ਅਧਿਕਾਰਾਂ ਦੀ ਰੱਖਿਆ ਕਰਦਾ ਹੈ ਤੇ ਧਾਰਮਿਕ ਸਥਾਨਾਂ ਦੀ ਵੀ ਰੱਖਿਆ ਕਰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪਾਕਿਸਤਾਨ ਵਿੱਚ ਹਿੰਦੂ ਮੰਦਰ ‘ਤੇ ਹਮਲਾ ਹੋਇਆ ਸੀ, ਤਾਂ ਉੱਥੇ ਦੀ ਸਰਕਾਰ ਖਾਮੋਸ਼ ਦਰਸ਼ਕ ਬਣੀ ਰਹੀ। ਉਥੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਜਿੰਨੀ ਦੇਰ ਇਹ ਸਥਿਤੀ ਬਣੀ ਰਹੇਗੀ, ਦੁਨੀਆ ਵਿੱਚ ਸ਼ਾਂਤੀ ਸਥਾਪਤ ਕਰਨ ਦਾ ਅਸਲ ਸੱਭਿਆਚਾਰ ਨਹੀਂ ਵੇਖਿਆ ਜਾਏਗਾ।

ਦੱਸ ਦੇਈਏ ਕਿ ਮੰਦਰ ਵਿੱਚ ਅੱਗ ਲੱਗਣ ਤੇ ਤੋੜ-ਭੰਨ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ। ਇਸ ਤੋਂ ਬਾਅਦ ਉਥੇ ਲਗਭਗ 110 ਲੋਕਾਂ ਦੇ ਗ੍ਰਿਫਤਾਰ ਹੋਣ ਦਾ ਦਾਅਵਾ ਕੀਤਾ ਗਿਆ ਸੀ।