ਨਵੀਂ ਦਿੱਲੀ: ਗੁਆਂਢੀ ਮੁਲਕ ਚੀਨ ਅਜੇ ਵੀ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਚੀਨ ਹੁਣ ਭਾਰਤ ਸਾਹਮਣੇ ਸ਼ਕਤੀ ਪ੍ਰਦਰਸ਼ਨ ਕਰਨ ਲਈ ਅਸਲ ਕੰਟਰੋਲ ਰੇਖਾ (LAC) ਦੇ ਨਾਲ ਟੈਂਕਾਂ ਨੂੰ ਤਾਇਨਾਤ ਕਰ ਰਿਹਾ ਹੈ। ਰਿਪੋਰਟਾਂ ਅਨੁਸਾਰ, ਚੀਨ ਨੇ ਪੂਰਬੀ ਲੱਦਾਖ ਵਿੱਚ ਭਾਰਤੀ ਚੌਕੀਆਂ ਦੇ ਸਾਹਮਣੇ LAC ਉੱਤੇ ਆਪਣੇ ਟੈਂਕਾਂ ਨੂੰ ਤਾਇਨਾਤ ਕੀਤਾ ਹੈ। ਐਲਏਸੀ 'ਤੇ ਭਾਰਤੀ ਟੀ-90 ਤੇ ਚੀਨੀ ਟੀ-15 ਟੈਂਕ 200 ਮੀਟਰ ਦੀ ਦੂਰੀ 'ਤੇ ਆਹਮੋ-ਸਾਹਮਣੇ ਹਨ।


ਡਰੈਗਨ ਨੇ LAC ਦੇ ਰੇਜਾਂਗਲਾ, ਰੇਚਿਨ ਲਾ ਤੇ ਮੁਖੋਸਰੀ 'ਤੇ ਟੀ-15 ਟੈਂਕ ਤਾਇਨਾਤ ਕੀਤੇ ਹਨ। ਹਾਲਾਂਕਿ, ਭਾਰਤੀ ਫੌਜ ਸਰਹੱਦ 'ਤੇ ਪੂਰੀ ਤਰ੍ਹਾਂ ਸੁਚੇਤ ਤੇ ਚੌਕਸ ਹੈ ਤੇ ਕਿਸੇ ਵੀ ਹਰਕਤ ਦਾ ਜਵਾਬ ਦੇਣ ਲਈ ਤਿਆਰ ਹੈ। ਤੁਹਾਨੂੰ ਦੱਸ ਦੇਈਏ ਕਿ ਪੂਰਬੀ ਲੱਦਾਖ ਵਿੱਚ ਸਰਹੱਦੀ ਟਕਰਾਅ ਦੇ ਮੱਦੇਨਜ਼ਰ ਚੀਨ ਨੇ ਦਸੰਬਰ ਵਿੱਚ ਹੀ ਵੱਡੀ ਗਿਣਤੀ ਵਿੱਚ ਸਤਹ ਤੋਂ ਹਵਾ ਤੇ ਸਤ੍ਹਾ ਤੋਂ ਸਤ੍ਹਾ ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਤੇ ਹੋਰ ਮਾਰੂ ਹਥਿਆਰ ਤਾਇਨਾਤ ਕਰ ਲਏ ਸੀ ਪਰ ਉੱਧਰ ਭਾਰਤੀ ਫੌਜ ਵੀ ਪੂਰੀ ਤਰ੍ਹਾਂ ਤਿਆਰ ਹੈ।

ਸੈਨਾ ਨੇ ਵੱਡੀ ਗਿਣਤੀ ਵਿੱਚ ਟੀ-90 ਤੇ ਟੀ-22 ਟੈਂਕ, ਤੋਪਾਂ, ਹੋਰ ਫੌਜੀ ਵਾਹਨਾਂ ਨੂੰ ਵੱਖ-ਵੱਖ ਸੰਵੇਦਨਸ਼ੀਲ ਖੇਤਰਾਂ ਵਿੱਚ ਪਹੁੰਚਾਇਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਪੂਰਬੀ ਲੱਦਾਖ ਵਿੱਚ LAC ਨੂੰ ਲੈ ਕੇ ਪਿਛਲੇ ਨੌਂ ਮਹੀਨਿਆਂ ਤੋਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਟਕਰਾਅ ਵਾਲੀ ਸਥਿਤੀ ਹੈ। ਦੋਵਾਂ ਦੇਸ਼ਾਂ ਵਿਚਾਲੇ ਸਰਹੱਦੀ ਵਿਵਾਦ ਦੇ ਹੱਲ ਲਈ ਫੌਜੀ ਤੇ ਕੂਟਨੀਤਕ ਗੱਲਬਾਤ ਵੀ ਚੱਲ ਰਹੀ ਹੈ।