ਮਿਦਨਾਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਿਦਾਨਪੁਰ ਦੀ ਰੈਲੀ ਵਿੱਚ ‘ਮਿਸ਼ਨ ਪੱਛਮ ਬੰਗਾਲ’ ਦੀ ਸ਼ੁਰੂਆਤ ਕੀਤੀ ਪਰ ਇਸੇ ਦੌਰਾਨ ਪੰਡਾਲ ਦਾ ਇੱਕ ਹਿੱਸਾ ਹੇਠਾਂ ਡਿੱਗ ਗਿਆ। ਇਸ ਦੌਰਾਨ ਅਫਰਾ-ਤਫਰੀ ਮੱਚ ਗਈ ਤੇ ਘਟਨਾ ਵਿੱਚ ਘੱਟੋ-ਘੱਟ 22 ਜਣੇ ਜ਼ਖ਼ਮੀ ਹੋ ਗਏ। ਪੰਡਾਲ ਡਿੱਗਣ ਕਾਰਨ ਰੌਲ਼ਾ ਇੰਨਾ ਵਧ ਗਿਆ ਕਿ ਪੀਐਮ ਮੋਦੀ ਨੇ ਆਪਣਾ ਭਾਸ਼ਣ ਵਿੱਚੇ ਹੀ ਰੋਕ ਦਿੱਤਾ ਤੇ ਆਪਣੀ ਸੁਰੱਖਿਆ ਲਈ ਤਾਇਨਾਤ ਐਸਪੀਜੀ ਦੇ ਜਵਾਨਾਂ ਨੂੰ ਜ਼ਖ਼ਮੀਆਂ ਦੀ ਮਦਦ ਕਰਨ ਲਈ ਕਿਹਾ। ਜ਼ਖ਼ਮੀਆਂ  ਨੂੰ ਨਜ਼ਦੀਕੀ ਹਸਪਤਾਲ ਦਾਖ਼ਲ ਕਰਾਇਆ ਗਿਆ।

ਪ੍ਰਧਾਨ ਮੰਤਰੀ ਮੋਦੀ ਨੇ ਭਾਸ਼ਣ ਮੁੱਕਦਿਆਂ ਹੀ ਖ਼ੁਦ ਹਸਪਤਾਲ ਜਾ ਕੇ ਜ਼ਖ਼ਮੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੂੰ ਧਰਾਸ ਦਿੰਦਿਆਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਤੇ ਟੀਐਮਸੀ ਪ੍ਰਧਾਨ ਮਮਤਾ ਬੈਨਰਜੀ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਪਿਛਲੇ 8 ਸਾਲਾਂ ਵਿੱਚ ਮਾਂ-ਮਾਟੀ-ਮਾਨੁਸ਼ ਦੀ ਗੱਲ ਕਰਨ ਵਾਲਿਆਂ ਦਾ ਅਸਲੀ ਚਿਹਰਾ ਤੇ ਸਿੰਡੀਕੇਟ ਸਾਹਮਣੇ ਆ ਚੁੱਕਾ ਹੈ। ਸਿੰਡੀਕੇਟ ਦੀ ਮਰਜ਼ੀ ਬਿਨਾਂ ਸੂਬੇ ਵਿੱਚ ਕੁਝ ਵੀ ਕਰਨਾ ਮੁਸ਼ਕਲ ਹੋ ਗਿਆ ਹੈ।

ਪੀਐਮ ਨੇ ਕਿਹਾ ਕਿ ਪੱਛਮ ਬੰਗਾਲ ਵਿੱਚ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸਿੰਡੀਕੇਟ ਨੂੰ ਚੜ੍ਹਾਵਾ ਚੜ੍ਹਾਏ ਤੇ ਉਸ ਦੀ ਮਨਜ਼ੂਰੀ ਦੇ ਬਿਨਾਂ ਕੁਝ ਸੰਭਵ ਨਹੀਂ। ਦਹਾਕਿਆਂ ਦੇ ਖੱਬੇਪੱਖੀ ਸ਼ਾਸਨ ਨੇ ਸੂਬੇ ਨੂੰ ਜਿਸ ਹਾਲ ਵਿੱਚ ਪਹੁੰਚਾਇਆ, ਅੱਜ ਬੰਗਾਲ ਦੀ ਹਾਲਤ ਉਸ ਤੋਂ ਵੀ ਬਦਤਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੰਗਾਲ ਵਿੱਚ ਦਲਿਤ ਵਰਕਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਲੋਕਤੰਤਰ ਨੂੰ ਲਹੂ-ਲੁਹਾਨ ਕਰ ਦਿੱਤਾ ਗਿਆ ਹੈ।

ਇਸ ਮੌਕੇ ਪੀਐਮ ਮੋਦੀ ਨੇ ਬੰਗਾਲ ਵਿੱਚ ਪੰਚਾਇਤੀ ਚੋਣਾਂ ਦੌਰਾਨ ਹਿੰਸਕ ਮਾਹੌਲ ਦੇ ਬਾਵਜੂਦ ਬੀਜੇਪੀ ਦਾ ਸਮਰਥਨ ਕਰਨ ਲਈ ਲੋਕਾਂ ਦਾ ਧੰਨਵਾਦ ਕੀਤਾ।